ਪੱਤਰ ਪ੍ਰੇਰਕ
ਰਾਏਕੋਟ, 25 ਅਪਰੈਲ
ਨਗਰ ਕੌਂਸਲ ਰਾਏਕੋਟ ਵੱਲੋਂ ਸ਼ਹਿਰ ਵਿੱਚ ਕਰਵਾਏ ਜਾ ਰਹੇ ਵਿਕਾਸ ਕੰਮਾਂ ਦੀ ਲੜੀ ਤਹਿਤ ਅੱਜ ਵਾਰਡ ਨੰਬਰ-1 ਅਧੀਨ ਪੈਂਦੇ ਮੁਹੱਲਾ ਸੰਤੋਖ ਨਗਰ ਵਿੱਚ ਉਸਾਰੀਆਂ ਜਾ ਰਹੀਆਂ ਸੜਕਾਂ ’ਤੇ ਪ੍ਰੀਮਿਕਸ ਪਾਉਣ ਦੇ ਕੰਮ ਦੀ ਸ਼ੁਰੂਆਤ ਪ੍ਰਧਾਨ ਸੁਦਰਸ਼ਨ ਜੋਸ਼ੀ ਵੱਲੋਂ ਵਾਰਡ ਕੌਂਸਲਰ ਸਮੇਤ ਹੋਰ ਪਤਵੰਤੇ ਸੱਜਣਾਂ ਦੀ ਮੌਜੂਦਗੀ ’ਚ ਕਰਵਾਈ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਸੁਦਰਸ਼ਨ ਜੋਸ਼ੀ ਨੇ ਕਿਹਾ ਕਿ ਸ਼ਹਿਰ ਵਿੱਚ ਕਰਵਾਏ ਜਾ ਰਹੇ ਵਿਕਾਸ ਕੰਮਾਂ ਦੀ ਰਫ਼ਤਾਰ ਉਸੇ ਤਰ੍ਹਾਂ ਬਣੀ ਰਹੇਗੀ। ਉਨ੍ਹਾਂ ਕਿਹਾ ਕਿ ਜੋ ਵਿਕਾਸ ਕੰਮ ਪਿਛਲੀ ਸਰਕਾਰ ਸਮੇਂ ਸੰਸਦ ਮੈਂਬਰ ਡਾ. ਅਮਰ ਸਿੰਘ ਅਤੇ ਕਾਮਿਲ ਬੋਪਾਰਾਏ ਦੀ ਅਗਵਾਈ ’ਚ ਸ਼ੁਰੂ ਕਰਵਾਏ ਗਏ ਸਨ ਉਹ ਸਾਰੇ ਕੰਮ ਨੇਪਰੇ ਚਾੜ੍ਹੇ ਜਾਣਗੇ।
ਇਸ ਮੌਕੇ ਉਨ੍ਹਾਂ ਨਾਲ ਕੌਂਸਲਰ ਸੁਖਵਿੰਦਰ ਸਿੰਘ ਗਰੇਵਾਲ, ਸੁਖਵੀਰ ਸਿੰਘ ਰਾਏ, ਗਿਆਨੀ ਗੁਰਦਿਆਲ ਸਿੰਘ, ਮੰਗਤ ਰਾਏ, ਦਰਸ਼ਨ ਕੁਮਾਰ, ਗੁਲਸ਼ਨ ਕੁਮਾਰ ਮਿੱਤਲ ਅਤੇ ਰਾਜਿੰਦਰ ਸਿੰਘ ਗਰੇਵਾਲ ਸਮੇਤ ਹੋਰ ਪਤਵੰਤੇ ਸੱਜਣ ਵੀ ਮੌਜੂਦ ਸਨ।