ਸਤਵਿੰਦਰ ਬਸਰਾ
ਲੁਧਿਆਣਾ, 14 ਅਕਤੂਬਰ
ਲੁਧਿਆਣਾ ਬੇਸਬਾਲ ਐਸੋਸੀਏਸ਼ਨ ਵੱਲੋਂ ਕਰਵਾਈ ਗਈ 12ਵੀਂ ਜੂਨੀਅਰ ਜ਼ਿਲ੍ਹਾ ਬੇਸਬਾਲ ਚੈਂਪੀਅਨਸ਼ਿਪ ਗੁਰੂ ਨਾਨਕ ਮਾਡਲ ਸਕੂਲ ਢੋਲੇਵਾਲ ਦੀ ਲੜਕਿਆਂ ਦੀ ਟੀਮ ਨੇ ਆਪਣੇ ਨਾਮ ਕਰ ਲਈ ਹੈ। ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲੇ ਵਿੱਚ ਜੇਤੂ ਟੀਮ ਨੇ ਨਾਈਟੇਂਗਲ ਕਲੱਬ ਨੂੰ 10-0 ਦੇ ਵੱਡੇ ਫਰਕ ਨਾਲ ਹਰਾਇਆ। ਇਸ ਚੈਂਪੀਅਨਸ਼ਿਪ ਵਿੱਚ ਲੜਕਿਆਂ ਦੀਆਂ 12 ਟੀਮਾਂ ਹਿੱਸਾ ਲੈ ਰਹੀਆਂ ਹਨ।
ਚੈਂਪੀਅਨਸ਼ਿਪ ਦੇ ਦੂਜੇ ਦਿਨ ਅੱਜ ਲੜਕਿਆਂ ਦੀਆਂ ਟੀਮਾਂ ਦਾ ਫਾਈਨਲ ਮੁਕਾਬਲਾ ਗੁਰੂ ਨਾਨਕ ਮਾਡਲ ਸਕੂਲ ਢੋਲੇਵਾਲ ਅਤੇ ਨਾਈਟੇਂਗਲ ਬੇਸਬਾਲ ਕਲੱਬ ਵਿਚਾਲੇ ਖੇਡਿਆ ਗਿਆ। ਇਸ ਮੈਚ ਵਿੱਚ ਗੁਰੂ ਨਾਨਕ ਸਕੂਲ ਦੀ ਟੀਮ 10-0 ਦੇ ਫਰਕ ਨਾਲ ਜੇਤੂ ਰਹੀ। ਟੀਮ ਵੱਲੋਂ ਕਮਲ ਅਤੇ ਗੁਰਮੀਤ ਨੇ 2-2 ਦੌੜਾਂ ਦਾ ਯੋਗਦਾਨ ਪਾਇਆ। ਇਸ ਚੈਂਪੀਅਨਸ਼ਿਪ ਵਿੱਚ ਬੀਸੀਐੱਮ ਫੋਕਲ ਪੁਆਇੰਟ ਦੀ ਟੀਮ ਤੀਜੇ ਸਥਾਨ ’ਤੇ ਰਹੀ। ਇਸ ਤੋਂ ਪਹਿਲਾਂ ਬੀਤੇ ਦਿਨ ਹੋਏ ਮੈਚਾਂ ਵਿੱਚੋਂ ਬੀਸੀਐਮ ਪੱਖੋਵਾਲ ਨੇ ਗਿੱਲ ਬੇਸਬਾਲ ਕਲੱਬ ਨੂੰ 2-0 ਨਾਲ, ਜੀਐੱਨਪੀਐੱਸ ਸਕੂਲ ਨੇ ਖਾਲਸਾ ਵਾਰੀਅਰ ਬੇਸਬਾਲ ਕਲੱਬ ਨੂੰ 2-1 ਨਾਲ, ਬੀਸੀਐੱਮ ਪੱਖੋਵਾਲ ਨੇ ਸਰਕਾਰੀ ਸਕੂਲ ਕਾਸਾਬਾਦ ਦੀ ਟੀਮ ਨੂੰ 13-9 ਨਾਲ, ਗੁਰੂ ਨਾਨਕ ਮਾਡਲ ਸਕੂਲ ਨੇ ਸਨਸ਼ਾਈਨ ਸਕੂਲ ਨੂੰ 15-3 ਨਾਲ, ਨਾਈਟੇਂਗਲ ਕਲੱਬ ਨੇ ਇੰਟਰਨੈਸ਼ਨਲ ਪਬਲਿਕ ਸਕੂਲ ਨੂੰ 1-0 ਨਾਲ, ਬੀਸੀਐੱਮ ਫੋਕਲ ਪੁਆਇੰਟ ਨੇ ਨਾਈਟੇਂਗਲ ਕਲੱਬ ਨੂੰ 2-0 ਨਾਲ ਅਤੇ ਗੁਰੂ ਨਾਨਕ ਸਕੂਲ ਨੇ ਜੀਐੱਨਪੀਐੱਸ ਨੂੰ 10-1 ਦੇ ਫਰਕ ਨਾਲ ਹਰਾਇਆ ਸੀ। ਪਹਿਲੇ ਸੈਮੀ ਫਾਈਨਲ ਵਿੱਚੋਂ ਨਾਈਟੇਂਗਲ ਕਲੱਬ ਅਤੇ ਦੂਜੇ ਸੈਮੀ ਫਾਈਨਲ ਮੈਚ ਵਿੱਚੋਂ ਗੁਰੂ ਨਾਨਕ ਮਾਡਲ ਸਕੂਲ ਢੋਲੇਵਾਲ ਦੀਆਂ ਟੀਮਾਂ ਜੇਤੂ ਰਹਿ ਕੇ ਅੱਜ ਫਾਈਨਲ ਵਿੱਚ ਆਹਮੋ-ਸਾਹਮਣੇ ਹੋਈਆਂ।