ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 7 ਅਕਤੂਬਰ
ਬੱਸ ਅੱਡੇ ਦੇ ਨੇੜੇ ਆਪਣੀ ਪਾਰਕਿੰਗ ਸਾਈਟ ’ਤੇ ਬੱਸਾਂ ਅਤੇ ਹੋਰ ਕਮਰਸ਼ੀਅਲ ਵਾਹਨਾਂ ਦੀ ਗੈਰ-ਕਾਨੂੰਨੀ ਪਾਰਕਿੰਗ ਨੂੰ ਰੋਕਣ ਲਈ, ਨਗਰ ਸੁਧਾਰ ਟਰੱਸਟ ਲੁਧਿਆਣਾ ਨੇ ਪਾਰਕਿੰਗ ਵਿੱਚ ਕਈ ਉਚਾਈ ਵਾਲੇ ਬੈਰੀਅਰ ਸਥਾਪਤ ਕੀਤੇ ਹਨ, ਜਿੱਥੋਂ 3 ਅਕਤੂਬਰ ਨੂੰ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਾਂਚ ਦੌਰਾਨ ਲਗਪਗ 40 ਟੂਰਿਸਟ ਬੱਸਾਂ ਨੂੰ ਬੰਦ ਕੀਤਾ ਸੀ। ਨਗਰ ਸੁਧਾਰ ਟਰੱਸਟ (ਐਲਆਈਟੀ) ਲੁਧਿਆਣਾ ਦੇ ਚੇਅਰਮੈਨ ਰਮਨ ਬਾਲਾਸੁਬਰਾਮਣੀਅਮ ਨੇ ਕਿਹਾ ਕਿ ਉਚਾਈ ਵਾਲੇ ਬੈਰੀਅਰ ਸਾਈਟ ’ਤੇ ਲਗਾਏ ਗਏ ਹਨ ਅਤੇ ਟੈਂਡਰ ਅਲਾਟ ਹੋਣ ਤੱਕ ਹੋਰ ਵਾਹਨਾਂ ਤੋਂ ਕੋਈ ਫੀਸ ਨਹੀਂ ਵਸੂਲੀ ਜਾਵੇਗੀ। ਉਨ੍ਹਾਂ ਕਿਹਾ ਕਿ ਲੁਧਿਆਣਾ ਤੋਂ ਟਰਾਂਸਪੋਰਟ ਮਾਫੀਆ ’ਤੇ ਨਕੇਲ ਕੱਸਣ ਲਈ ਕਾਰਵਾਈ ਕੀਤੀ ਗਈ ਹੈ ਅਤੇ ਟਰਾਂਸਪੋਰਟ ਮੰਤਰੀ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਐੱਲਆਈਟੀ ਅਣਅਧਿਕਾਰਤ ਪਾਰਕਿੰਗ ’ਤੇ ਨਜ਼ਰ ਰੱਖੇਗੀ। ਉਨ੍ਹਾਂ ਕਿਹਾ ਕਿ ਅਣਗਹਿਲੀ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਖ਼ਤੀ ਦਾ ਸਾਹਮਣਾ ਕਰਨਾ ਪਵੇਗਾ।