ਖੇਤਰੀ ਪ੍ਰਤੀਨਿਧ
ਲੁਧਿਆਣਾ, 16 ਅਕਤੂਬਰ
ਸਥਾਨਕ ਰਾਮਗੜ੍ਹੀਆ ਗਰਲਜ਼ ਕਾਲਜ ਵਿੱਚ ਚੱਲ ਰਹੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਵਿੱਚ ਕੁੜੀਆਂ ਦੇ ਵੱਖ ਵੱਖ 9 ਕਾਲਜਾਂ ਤੋਂ 64 ਵੱਖ ਵੱਖ ਮੁਕਾਬਲਿਆਂ ਲਈ 900 ਵਿਦਿਆਰਥੀ ਹਿੱਸਾ ਲੈ ਰਹੇ ਹਨ। ਰਿਆਤ-ਬਾਹੜਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪਰਵਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਜਦਕਿ ਸੈਂਟਰ ਯੂਨੀਵਰਸਿਟੀ ਬਠਿੰਡਾ ਦੇ ਸਾਬਕਾ ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਦੁਪਹਿਰ ਦੇ ਸੈਸ਼ਨ ਵਿੱਚ ਡਿਪਟੀ ਡਾਇਰੈਕਟਰ ਡੀਪੀਆਈ ਡਾ. ਅਸ਼ਵਨੀ ਭੱਲਾ ਮੁੱਖ ਮਹਿਮਾਨ ਵਜੋਂ ਪਹੁੰਚੇ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਰਾਜੇਸ਼ਵਰਪਾਲ ਕੌਰ ਅਤੇ ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਯੁਵਕ ਮੇਲੇ ਦੇ ਪਹਿਲੇ ਦਿਨ ਹੋਏ ਮੁਕਾਬਲਿਆਂ ਵਿੱਚੋਂ ਗੁੱਡੀਆਂ-ਪਟੋਲੇ ਬਣਾਉਣ ਵਿੱਚ ਰਾਮਗੜ੍ਹੀਆ ਕਾਲਜ ਦੀ ਕੰਚਨ, ਛਿੱਕੂ ਬਣਾਉਣ ’ਚ ਵੀ ਇਸੇ ਕਾਲਜ ਦੀ ਵਿਸ਼ਾਲੀ, ਪਰਾਂਦਾ ਬਣਾਉਣ ’ਚ ਰਾਮਗੜ੍ਹੀਆ ਕਾਲਜ ਦੀ ਕਮਲਪ੍ਰੀਤ ਕੌਰ, ਨਾਲਾ ਬਣਾਉਣ ’ਚ ਮਾਸਟਰ ਤਾਰਾ ਸਿੰਘ ਕਾਲਜ ਦੀ ਸਿਮਰਨ ਕੌਰ, ਟੋਕਰੀ ਬਣਾਉਣ ’ਚ ਖਾਲਸਾ ਕਾਲਜ ਦੀ ਦੀਪਿਕਾ, ਲੇਖ ਲਿਖਣ ’ਚ ਸਰਕਾਰੀ ਕਾਲਜ ਦੀ ਰੀਯਾ, ਮਿੰਨੀ ਕਹਾਣੀ ’ਚ ਏਐਸ ਕਾਲਜ ਦੀ ਮੁਸਕਾਨ ਕਾਕੜੀਆ, ਕਵਿਤਾ ’ਚ ਸਰਕਾਰੀ ਕਾਲਜ ਦੀ ਮੇਘਾ ਸਰੀਨ, ਮਿੱਟੀ ਦੇ ਖਿਡੌਣੇ ਵਿੱਚ ਗੁਰੂ ਨਾਨਕ ਗਰਲਜ਼ ਕਾਲਜ ਦੀ ਸ਼ਾਹੀਨ ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ। ਦੂਜੇ ਦਿਨ ਫੁਲਕਾਰੀ ਕੱਢਣ ਦੇ ਮੁਕਾਬਲੇ ’ਚ ਗੁਰੂ ਨਾਨਕ ਗਰਲਜ਼ ਕਾਲਜ ਦੀ ਬਲਪ੍ਰੀਤ ਕੌਰ, ਬਾਗ ਦਾ ਰਾਮਗੜ੍ਹੀਆ ਕਾਲਜ ਦੀ ਲਵਪ੍ਰੀਤ ਕੌਰ, ਦਸੂਤੀ ’ਚ ਸਰਕਾਰੀ ਕਾਲਜ ਲੜਕੀਆਂ ਦੀ ਮਨਪ੍ਰੀਤ ਕੌਰ, ਬੁਣਤੀ ਵਿੱਚ ਡੀਡੀ ਜੈਨ ਕਾਲਜ ਦੀ ਕਸ਼ੀਫਾ ਗੁਲਨਾਰ, ਕਰੋਸ਼ੀਏ ਵਿੱਚ ਮਾਸਟਰ ਤਾਰਾ ਸਿੰਘ ਕਾਲਜ ਦੀ ਕਲਿਆਣੀ ਵਰਮਾ, ਪੱਖੀ ਬਣਾਉਣ ’ਚ ਖਾਲਸਾ ਕਾਲਜ ਦੀ ਸੁਖਜਿੰਦਰ ਕੌਰ, ਮਹਿੰਦੀ ਲਗਾਉਣ ’ਚ ਸਰਕਾਰ ਕਾਲਜ ਲੜਕੀਆਂ ਦੀ ਨੀਲਮ, ਭਾਸ਼ਨ ’ਚ ਖਾਲਸਾ ਕਾਲਜ ਦੀ ਮਹਿਕ ਕੌਰ, ਕਾਵਿ ਉਚਾਰਨ ਵਿੱਚ ਸਰਕਾਰੀ ਕਾਲਜ ਦੀ ਦਮਨਪ੍ਰੀਤ ਕੌਰ, ਇੰਡੀਅਨ ਆਰਕੈਸਟਰਾ ’ਚ ਰਾਮਗੜ੍ਹੀਆ ਕਾਲਜ ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ।
ਵੈਟਰਨਰੀ ਯੂਨੀਵਰਸਿਟੀ ’ਚ ਪਹਿਲੇ ਪੜਾਅ ਦੇ ਮੁਕਾਬਲੇ ਸਮਾਪਤ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਯੁਵਕ ਮੇਲੇ ਵਿੱਚ ਅੱਜ ਰਚਨਾਤਮਕ ਲੇਖਣ, ਮੌਕੇ ’ਤੇ ਭਾਸ਼ਨ ਅਤੇ ਵਾਦ-ਵਿਵਾਦ ਦੇ ਮੁਕਾਬਲੇ ਕਰਵਾਏ ਗਏ। ਪ੍ਰਬੰਧਕੀ ਸਕੱਤਰ ਡਾ. ਅਪਮਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਰਚਨਾਤਮਕ ਲੇਖਣ ਮੁਕਾਬਲੇ ’ਚ ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਦੀ ਨਵਦੀਪ ਕੌਰ, ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ ਦੀ ਅਮਨਪ੍ਰੀਤ ਕੌਰ ਅਤੇ ਵੈਟਰਨਰੀ ਪੌਲੀਟੈਕਨਿਕ, ਕਾਲਝਰਾਣੀ ਦੇ ਕੇਵਲ ਕਿ੍ਰਸ਼ਨ ਨੇ ਕ੍ਰਮਵਾਰ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਲਈ। ਮੌਕੇ ’ਤੇ ਭਾਸ਼ਣਕਾਰੀ ਵਿੱਚੋਂ ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਦੀ ਨਵਦੀਪ ਕੌਰ ਨੇ ਪਹਿਲਾ, ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ ਦੀ ਸਹਿਜਦੀਪ ਕੌਰ ਨੇ ਦੂਜਾ ਜਦਕਿ ਕਾਲਜ ਆਫ ਵੈਟਰਨਰੀ ਸਾਇੰਸ, ਲੁਧਿਆਣਾ ਦੇ ਅਜੇਵੀਰ ਸਿੰਘ ਸੰਧੂ ਨੇ ਤੀਜਾ ਸਥਾਨ ਹਾਸਲ ਕੀਤਾ। ਵਾਦ-ਵਿਵਾਦ ਮੁਕਾਬਲਾ ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ, ਵਿਅਕਤੀਗਤ ਇਨਾਮ ਅਮਾਨਤ ਕੌਰ, ਰੰਗੋਲੀ ਬਨਾਉਣ ਦਾ ਮੁਕਾਬਲਾ ਕਾਲਜ ਆਫ ਵੈਟਰਨਰੀ ਸਾਇੰਸ, ਰਾਮਪੁਰਾ ਫੂਲ ਦੀ ਰਵਨੀਤ ਕੌਰ ਨੇ ਜਿੱਤਿਆ। ਭਲਾਈ ਅਫ਼ਸਰ ਡਾ. ਨਿਧੀ ਸ਼ਰਮਾ ਨੇ ਦੱਸਿਆ ਕਿ 18 ਅਕਤੂਬਰ ਨੂੰ ਯੁਵਕ ਮੇਲੇ ਦਾ ਵਿਧੀਵਤ ਉਦਘਾਟਨ ਹੋਵੇਗਾ।