ਰਾਮ ਗੋਪਾਲ ਰਾਏਕੋਟੀ
ਰਾਏਕੋਟ, 21 ਜੁਲਾਈ
ਇਥੇ ਈਦ-ਉਲ-ਜੁਹਾ ਦਾ ਪਵਿੱਤਰ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਅੱਜ ਮੁਸਲਿਮ ਭਾਈਚਾਰੇ ਦੇ ਲੋਕ ਬੱਸੀਆਂ ਰੋਡ ਸਥਿਤ ਈਦਗਾਹ ’ਤੇ ਇਕੱਠੇ ਹੋਏ, ਜਿਨ੍ਹਾਂ ਨੂੰ ਇਮਾਮ ਮੁਹੰਮਦ ਮੁਰਸਲੀਨ ਨੇ ਨਮਾਜ਼ ਅਦਾ ਕਾਰਵਾਈ। ਇਸ ਮੌਕੇ ਹਾਜ਼ਰ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਮੋਲਵੀ ਮੁਹੰਮਦ ਸਲੀਮ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਭਾਗਾਂ ਵਾਲਾ ਹੈ ਅੱਲ੍ਹਾ ਤਾਅਲਾ ਨੇ ਈਦ ਦਾ ਦਿਨ ਸਾਨੂੰ ਤੋਹਫੇ ਵਜੋਂ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਨਮਾਜ਼ ਤੋਂ ਬਾਅਦ ਕੁਰਬਾਨੀ ਦੀ ਰਸਮ ਅੱਲ੍ਹਾ ਦੀ ਰਜ਼ਾ ਲਈ ਕਰਨੀ ਚਾਹੀਦੀ ਹੈ, ਇਸ ’ਚ ਕਿਸੇ ਵੀ ਕਿਸਮ ਦਾ ਦਿਖਾਵਾ ਨਹੀਂ ਹੋਣਾ ਚਾਹੀਦਾ ਤੇ ਆਪਣੇ ਆਲੇ-ਦੁਆਲੇ ਰਹਿ ਰਹੇ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਹੈ। ਇਸ ਮੌਕੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦੇਣ ਕਾਂਗਰਸੀ ਯੂਥ ਆਗੂ ਕਾਮਿਲ ਅਮਰ ਸਿੰਘ ਵੀ ਵਿਸ਼ੇਸ਼ ਤੌਰ ’ਤੇ ਪੁੱਜੇ। ਮੁਸਲਿਮ ਵੈੱਲਫੇਅਰ ਸੁਸਾਇਟੀ ਰਾਏਕੋਟ ਦੇ ਪ੍ਰਧਾਨ ਮੁਹੰਮਦ ਇਮਰਾਨ, ਯੂਥ ਆਗੂ ਅਰਸ਼ਦ ਖਾਨ, ਹਾਜੀ ਮੁਹੰਮਦ ਸਮਸ਼ਾਦ, ਕਮੇਟੀ ਪ੍ਰਧਾਨ ਮੁਹੰਮਦ ਇਸਹਾਕ ਹਾਜੀ ਮੁਹੰਮਦ ਸ਼ਫੀਕ, ਮੁਹੰਮਦ ਅਸ਼ਰਫ, ਮੁਹੰਮਦ ਤੋਸੀਫ, ਯੁਨਸ ਖਾਨ, ਬਿੱਲੂ ਖਾਨ ਜੌਹਲਾਂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨਮਾਜ਼ੀ ਹਾਜ਼ਰ ਸਨ।
ਖੰਨਾ (ਜੋਗਿੰਦਰ ਸਿੰਘ ਓਬਰਾਏ): ਇਥੋਂ ਦੇ ਪਿੰਡ ਇਕੋਲਾਹਾ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਈਦ-ਉਲ-ਜੁਹਾ ਦਾ ਤਿਉਹਾਰ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਭਾਈਚਾਰੇ ਨੇ ਸਵੇਰੇ ਨਮਾਜ਼ ਅਦਾ ਕਰਨ ਮਗਰੋਂ ਇੱਕ ਦੂਜੇ ਨੂੰ ਈਦ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਘੱਟ ਗਿਣਤੀ ਵਿਭਾਗ ਦੇ ਚੇਅਰਮੈਨ ਦਿਲਬਰ ਮੁਹੰਮਦ ਖ਼ਾਨ ਨੇ ਨਮਾਜ਼ ਅਦਾ ਕਰਦਿਆਂ ਦੇਸ਼ ਦੀ ਅਖੰਡਤਾ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੇ ਨਾਲ ਨਾਲ ਕਰੋਨਾ ਮਹਾਮਾਰੀ ਦੇ ਜਲਦ ਤੋਂ ਜਲਦ ਖਾਤਮੇ ਲਈ ਦੁਆ ਕੀਤੀ। ਸ੍ਰੀ ਖ਼ਾਨ ਨੇ ਕਿਹਾ ਕਿ ਈਦ-ਉਲ- ਜੁਹਾ ਦਾ ਤਿਉਹਾਰ ਲੋਕਾਂ ਨੂੰ ਆਪਸੀ ਭਾਈਚਾਰਕ ਸਾਂਝ ਅਤੇ ਪਿਆਰ ਦਾ ਸੁਨੇਹਾ ਦਿੰਦਾ ਹੈ ਅਤੇ ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ ਹੈ, ਕਿਉਂਕਿ ਇਨਸਾਨਾਂ ਨੂੰ ਪਿਆਰ ਕਰਨ ਵਾਲਾ ਹੀ ਸੱਚੀ ਬੰਦਗੀ ਕਰ ਸਕਦਾ ਹੈ। ਈਦ ਮੌਕੇ ਖਾਨ ਵੱਲੋਂ 50 ਲੋੜਵੰਦ ਪਰਿਵਾਰਾਂ ਨੂੰ ਇੱਕ ਇੱਕ ਮਹੀਨੇ ਦਾ ਰਾਸ਼ਨ ਅਤੇ ਨਕਦ ਸਹਾਇਤਾ ਦਿੱਤੀ ਗਈ।