ਖੇਤਰੀ ਪ੍ਰਤੀਨਿਧ
ਲੁਧਿਆਣਾ, 19 ਮਾਰਚ
ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਪਸਾਰ ਸਿੱਖਿਆ ਵਿਭਾਗ ਅਤੇ ਕਮਿਊਨੀਕੇਸ਼ਨ ਮੈਨੇਜਮੈਂਟ, ਕਾਲਜ ਆਫ ਕਮਿਊਨਟੀ ਸਾਇੰਸ ਦੇ ਸਹਿਯੋਗ ਨਾਲ ਮੰਗੜ, ਕੋਹਾੜਾ, ਸਾਹਨੇਵਾਲ ਬਲਾਕ, ਗੁੱਜਰਵਾਲ ਅਤੇ ਲੋਹਗੜ੍ਹ (ਪੱਖੋਵਾਲ ਬਲਾਕ) ਵਿੱਚ ਟਰੇਨਿੰਗ ਕੋਰਸ 16-19 ਮਾਰਚ ਤੱਕ ਕਰਵਾਏ ਗਏ। ਸਕਿੱਲ ਡਿਵੈਲਪਮੈਂਟ ਸੈਂਟਰ ਦੇ ਐਸੋਸੀਏਟ ਡਾਇਰੈਕਟਰ ਡਾ. ਕਿਰਨਜੋਤ ਸਿੱਧੂ ਨੇ ਦੱਸਿਆ ਕਿ ਇਹ ਟ੍ਰੇਨਿੰਗ ਕੋਰਸ ਪੱਛੜੀਆਂ ਸ਼੍ਰੇਣੀਆਂ ਲਈ ‘ਡਿਵੈਲਪਮੈਂਟ ਐਂਡ ਸਟਰੈਂਥਨਿੰਗ ਆਫ ਸਟੇਟ ਐਗਰੀਕਲਚਰ ਯੂਨੀਵਰਸਿਟੀਜ਼ ਇਨ ਇੰਡੀਆ, 931-1’ ਸਕੀਮ ਅਧੀਨ ਕਰਵਾਏ ਗਏ ਹਨ। ਇਨ੍ਹਾਂ ਕੋਰਸਾਂ ਵਿੱਚ 80 ਭਾਗੀਦਾਰਾਂ ਨੇ ਭਾਗ ਲਿਆ ਜਿਨ੍ਹਾਂ ਨੂੰ ਬੇਕਰੀ ਦੇ ਮੁੱਢਲੇ ਅਤੇ ਨਵੀਨ ਪਦਾਰਥ ਬਣਾਉਣ ਦੀ ਸਿਖਲਾਈ ਦਿੱਤੀ ਗਈ। ਮੁਖੀ ਪਸਾਰ ਸਿੱਖਿਆ ਵਿਭਾਗ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਇਹ ਟ੍ਰੇਨਿੰਗ ਕੋਰਸ ਛੋਟੇ ਪੱਧਰ ’ਤੇ ਬੇਕਰੀ ਯੂਨਿਟ ਸਥਾਪਿਤ ਕਰਕੇ ਕਮਾਈ ਦੇ ਮੌਕੇ ਪ੍ਰਦਾਨ ਕਰਨ ਵਿੱਚ ਸਹਾਈ ਹੋਣਗੇ। ਪ੍ਰਿੰਸੀਪਲ ਪਸਾਰ ਸਿੱਖਿਆ ਵਿਗਿਆਨੀ (ਫੂਡ ਐਂਡ ਨਿਊਟ੍ਰੀਸ਼ਨ) ਅਤੇ ਕੋਰਸ ਕੁਅਰਡੀਨੇਟਰ ਡਾ. ਕਿਰਨ ਗਰੋਵਰ ਨੇ ਦੱਸਿਆ ਕਿ ਅਜੋਕੇ ਸਮੇਂ ਵਿੱਚ ਬੇਕਡ ਪ੍ਰੋਡਕਟਸ -ਬਿਸਕੁਟ, ਕੇਕ, ਕੁਕੀਜ਼ ਆਦਿ ਦੀ ਮੰਗ ਵਧ ਰਹੀ ਹੈ।