ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 25 ਜੁਲਾਈ
ਲੋਕ ਇਨਸਾਫ਼ ਪਾਰਟੀ ਉੱਤਰੀ ਹਲਕੇ ਦੇ ਇੰਚਾਰਜ ਰਣਧੀਰ ਸਿੰਘ ਸਿਵੀਆ ਦੀ ਅਗਵਾਈ ਹੇਠ ਵਿਧਾਇਕ ਰਾਕੇਸ਼ ਪਾਂਡੇ ਦੇ ਪੁੱਤਰ ਨੂੰ ਸਰਕਾਰੀ ਨੌਕਰੀ ਮਿਲਣ ਦੇ ਰੋਸ ਵਜੋਂ ਸ਼ੁਰੂ ਕੀਤੀ ਭੁੱਖ ਹੜਤਾਲ ਦੇ 29ਵੇਂ ਦਿਨ ਅੱਜ ਸੈਂਕੜੇ ਵਰਕਰਾਂ ਨੇ ਰੋਸ ਮਾਰਚ ਕਰ ਕੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਦੀ ਸਾਰ ਲੈਣ ਦੀ ਮੰਗ ਕੀਤੀ।
ਜੀਟੀ ਰੋਡ ਸਥਿਤ ਚਾਂਦ ਸਿਨਮੇ ਨੇੜਿਓਂ ਵਰਕਰ ਹੱਥਾਂ ਵਿੱਚ ਨਾਅਰੇ ਲਿਖੀਆਂ ਤਖ਼ਤੀਆਂ ਪਕੜ ਕੇ ਮਾਰਚ ਕਰਦੇ ਹੋਏ ਜਗਰਾਉਂ ਪੁਲ ਸਥਿਤ ਸ਼ਹੀਦਾਂ ਦੇ ਬੁੱਤਾਂ ਕੋਲ ਪੁੱਜੇ ਜਿੱਥੇ ਵਰਕਰਾਂ ਨੇ ਸ਼ਹੀਦਾਂ ਦੇ ਚਰਨ ਧੋਕੇ ਜਲ ਪੀਤਾ। ਇਸ ਮੌਕੇ ਰਣਧੀਰ ਸਿੰਘ ਸਿਵੀਆ ਨੇ ਕਿਹਾ ਕਿ ਪੰਜਾਬ ਸਰਕਾਰ ਇਕ ਪਾਸੇ ਤਾਂ ਕਰੋੜਪਤੀ ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀਆਂ ਦੇ ਰਹੀ ਹੈ ਜਦ ਕਿ ਦੂਜੇ ਪਾਸੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੇ ਪਰਿਵਾਰਕ ਮੈਂਬਰ ਰੋਟੀ ਰੋਜ਼ੀ ਲਈ ਦਰ ਦਰ ਭਟਕ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਦਾ ਪੋਤਰਾ ਦਿਹਾੜੀ ਕਰਨ ਲਈ ਮਜਬੂਰ ਹੈ ਜਦਕਿ ਪੜਪੋਤਰਾ ਚਪੜਾਸੀ ਦੀ ਨੌਕਰੀ ਲਈ ਭੁੱਖ ਹੜਤਾਲ ਤੇ ਬੈਠਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਇਨ੍ਹਾਂ ਪ੍ਰਤੀ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਉਨ੍ਹਾਂ ਐਲਾਨ ਕੀਤਾ ਕਿ ਲਿੱਪ ਵੱਲੋਂ ਸੰਘਰਸ਼ ਉਦੋਂ ਤੱਕ ਜਾਰੀ ਰੱਖਿਆ ਜਾਵੇਗਾ ਜਦੋਂ ਤੱਕ ਸਰਕਾਰ ਵਿਧਾਇਕ ਪਾਂਡੇ ਦੇ ਪੁੱਤਰ ਨੂੰ ਦਿੱਤੀ ਨੌਕਰੀ ਰੱਦ ਕਰਕੇ ਸ਼ਹੀਦ ਪਰਿਵਾਰਾਂ ਦੀ ਸਾਰ ਨਹੀਂ ਲੈਂਦੀ। ਇਸ ਮੌਕੇ ਨਵਨੀਤ ਗੋਪੀ, ਗੁਰਪ੍ਰੀਤ ਸਿੰਘ ਸਰਹਾਲੀ, ਗਗਨਦੀਪ ਸਿੰਘ ਸੰਧ ਵੀ ਹਾਜ਼ਰ ਸਨ।