ਨਿੱਜੀ ਪੱਤਰ ਪ੍ਰੇਰਕ
ਖੰਨਾ, 20 ਅਗਸਤ
ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੁਲੀਸ ਨੂੰ ਵੱਡੀ ਸਫ਼ਲਤਾ ਹੱਥ ਲੱਗੀ ਹੈ। ਜਾਣਕਾਰੀ ਦਿੰਦਿਆਂ ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਰਵੀ ਕੁਮਾਰ ਨੇ ਦੱਸਿਆ ਕਿ ਇੰਸਪੈਕਟਰ ਕੁਲਜਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਜੀਟੀ ਰੋਡ ਸੂਆ ਪੱਟੜੀ ਰੋਡ ਭੱਟੀਆਂ ’ਤੇ ਗਸ਼ਤ ਦੌਰਾਨ ਭਾਈ ਦਿਆਲ ਸਿੰਘ ਕਲੋਨੀ ਵੱਲ ਪਿੱਠੂ ਬੈਗ ਸਮੇਤ ਪੈਦਲ ਜਾਂਦੇ ਵਿਅਕਤੀ ਨੂੰ ਸ਼ੱਕ ਦੇ ਅਧਾਰ ’ਤੇ ਰੋਕਿਆ ਤਾਂ ਉਸ ਨੇ ਬੈਗ ਝਾੜੀਆਂ ਵਿੱਚ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਮੌਕੇ ’ਤੇ ਕਾਬੂ ਕਰ ਕੇ ਉਸ ਦੇ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 3 ਕਿਲੋ ਅਫੀਮ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਰਾਹੁਲ ਕੁਮਾਰ ਵਾਸੀ ਉਟਾ ਗੰਧਰੀਆ (ਝਾਰਖੰਡ) ਵਜੋਂ ਹੋਈ ਜੋ ਕਿ ਬੀਏ ਦਾ ਵਿਦਿਆਰਥੀ ਹੈ। ਏਐੱਸਆਈ ਸੁਖਵੀਰ ਸਿੰਘ ਨੇ ਕਿਹਾ ਕਿ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਸ ਨੇ ਇਹ ਨਸ਼ੇ ਦੀ ਖੇਪ ਝਾਰਖੰਡ ਤੋਂ ਸਸਤੇ ਭਾਅ ਲਿਆਉਂਦਾ ਹੈ ਅਤੇ ਮਹਿੰਗੇ ਭਾਅ ਲੁਧਿਆਣਾ ਏਰੀਏ ਦੀਆਂ ਵੱਖ-ਵੱਖ ਥਾਵਾਂ ’ਤੇ ਵੇਚਦਾ ਹੈ, ਇਸ ਤੋਂ ਪਹਿਲਾਂ ਉਸ ਨੇ 2 ਵਾਰ ਪੰਜਾਬ ਵਿੱਚ ਅਫੀਮ ਦੀ ਸਪਲਾਈ ਕੀਤੀ ਹੈ। ਮੁਲਜ਼ਮ ਕਰੀਬ 20 ਸਾਲ ਦਾ ਹੈ ਅਤੇ ਬੀਏ ਦੀ ਪੜ੍ਹਾਈ ਕਰਦਾ ਹੈ, ਜੋ ਜਲਦ ਅਮੀਰ ਹੋਣ ਦੇ ਸੁਪਨੇ ਤਹਿਤ ਨਸ਼ੇ ਦੇ ਧੰਦੇ ਵਿੱਚ ਲਿਪਤ ਹੋ ਗਿਆ। ਮੁਲਜ਼ਮ ਵੱਲੋਂ ਲੁਧਿਆਣਾ ਕਿੱਥੇ ਸਪਲਾਈ ਕਰਨੀ ਸੀ ਅਤੇ ਝਾਰਖੰਡ ਤੋਂ ਇਹ ਅਫ਼ੀਮ ਕਿੱਥੋਂ ਲਿਆਂਦੀ ਗਈ ਹੈ, ਸਬੰਧੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।