ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 14 ਫਰਵਰੀ
ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਦਾਖਾ ਵਿਚ ਚੌਥੀ ਵਾਰ ਚੋਣ ਮੈਦਾਨ ਵਿੱਚ ਉਤਾਰੇ ਮੌਜੂਦਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਚੋਣ ਮੁਹਿੰਮ ਨੇ ਹੁਣ ਹੋਰ ਜ਼ੋਰ ਫੜਿਆ ਹੈ। ਪਿੰਡ ਗੁੱਜਰਵਾਲ ਵਿੱਚ ਚੋਣ ਜਲਸੇ ਵਿਚ ਪਿੰਡ ਵਾਸੀਆਂ ਦੀ ਭਰਵੀਂ ਹਾਜ਼ਰੀ ਦੇਖ ਕੇ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਲੋਕਾਂ ਦਾ ਜੋਸ਼ ਦੇਖ ਕੇ ਉਨ੍ਹਾਂ ਨੂੰ ਕੰਮ ਕਰਨ ਲਈ ਹੋਰ ਹੌਸਲਾ ਮਿਲਦਾ ਹੈ। ਉਨ੍ਹਾਂ ਪਿਛਲੀ ਅਕਾਲੀ ਸਰਕਾਰ ਸਮੇਂ ਹਲਕੇ ਦੇ ਵਿਕਾਸ ਦਾ ਵੇਰਵਾ ਦੇ ਕੇ ਅਗਲੇ ਪੰਜ ਸਾਲ ਲਈ ਸੇਵਾ ਦਾ ਮੌਕਾ ਮੰਗਿਆ। ਉਨ੍ਹਾਂ ਵਿਰੋਧੀ ਪਾਰਟੀਆਂ ਉੱਪਰ ਦੋਸ਼ ਲਾਇਆ ਕਿ ਇਸ ਵਾਰ ਵੀ ਉਨ੍ਹਾਂ ਨੂੰ ਹਲਕੇ ਤੋਂ ਕੋਈ ਉਮੀਦਵਾਰ ਨਹੀਂ ਲੱਭਿਆ ਅਤੇ ਤਰਨ ਤਾਰਨ, ਫ਼ਰੀਦਕੋਟ ਅਤੇ ਮਖੂ ਤੋਂ ਉਮੀਦਵਾਰ ਲਿਆ ਕੇ ਚੋਣ ਮੈਦਾਨ ਵਿਚ ਉਤਾਰੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਹ ਪਿਛਲੇ 20 ਸਾਲ ਤੋਂ ਲੋਕਾਂ ਦੀ ਸੇਵਾ ਵਿੱਚ ਜੁਟੇ ਹੋਏ ਹਨ।
ਪਿੰਡ ਵਾਸੀਆਂ ਨੇ ਆਪਣੇ ਸਮਰਥਨ ਦਾ ਇਜ਼ਹਾਰ ਕਰਦਿਆਂ ਵਿਧਾਇਕ ਇਯਾਲੀ ਨੂੰ ਲੱਡੂਆਂ ਨਾਲ ਤੋਲਿਆ ਅਤੇ ਜਿੱਤ ਦਾ ਭਰੋਸਾ ਦਿੱਤਾ। ਇਸ ਮੌਕੇ ਬਲਵੀਰ ਸਿੰਘ ਬਿੱਲੂ ਗਰੇਵਾਲ ਡੇਅਰੀ, ਹਰਦੀਪ ਸਿੰਘ ਗਰੇਵਾਲ, ਜਥੇਦਾਰ ਜਗਰੂਪ ਸਿੰਘ, ਗੁਰਿੰਦਰਜੀਤ ਸਿੰਘ ਗੋਲਡੀ, ਰਾਣਾ ਰਵਿੰਦਰ ਸਿੰਘ ਸਮੇਤ ਹੋਰ ਬਹੁਤ ਸਾਰੇ ਆਗੂ ਅਤੇ ਵਰਕਰ ਹਾਜ਼ਰ ਸਨ।
ਇਸ ਤੋਂ ਇਲਾਵਾ ਪਿੰਡ ਛੋਕਰਾਂ ਅਤੇ ਰੁੜਕਾ ਵਿਚ ਵੀ ਭਾਰੀ ਚੋਣ ਜਲਸੇ ਕੀਤੇ ਗਏ। ਇਸ ਦੌਰਾਨ ਸੁਖਦੇਵ ਕੌਰ ਸਰਪੰਚ, ਬਲਜੀਤ ਕੌਰ ਸਾਬਕਾ ਸਰਪੰਚ, ਪ੍ਰੀਤਮ ਸਿੰਘ ਸਾਬਕਾ ਸਰਪੰਚ ਅਤੇ ਪਿੰਡ ਰੁੜਕਾ ਦੇ ਸਾਬਕਾ ਸਰਪੰਚ ਦਲਜੀਤ ਸਿੰਘ, ਬਲਜਿੰਦਰ ਸਿੰਘ ਸਾਬਕਾ ਸਰਪੰਚ, ਕੁਲਦੀਪ ਸਿੰਘ ਕਲੱਬ ਪ੍ਰਧਾਨ ਸਮੇਤ ਹੋਰ ਆਗੂ ਵੀ ਮੌਜੂਦ ਸਨ।