ਖੇਤਰੀ ਪ੍ਰਤੀਨਿਧ
ਲੁਧਿਆਣਾ, 19 ਅਪਰੈਲ
ਰਵਾਇਤ ਨੂੰ ਕਾਇਮ ਰੱਖਦਿਆਂ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਸੌ ਫੀਸਦ ਨਤੀਜਾ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਨ੍ਹਾਂ ਵਿਦਿਆਰਥੀਆਂ ਨੂੰ ਅੱਜ ਸਕੂਲ ਵਿੱਚ ਸਨਮਾਨਿਤ ਕੀਤਾ ਗਿਆ। ਸਕੂਲ ਦੇ 15 ਵਿਦਿਆਰਥੀਆਂ ਨੇ 95 ਫੀਸਦ ਤੋਂ ਵੱਧ ਅਤੇ ਕੁੱਲ 56 ਵਿਦਿਆਰਥੀਆਂ ਨੇ 90 ਫੀਸਦ ਤੋਂ ਵੱਧ ਅੰਕ ਪ੍ਰਾਪਤ ਕੀਤੇ। ਸਕੂਲ ਦੀ ਵਿਦਿਆਰਥੀ ਆਦਿਤੀ ਨੇ 100 ਫੀਸਦ ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ ਪਹਿਲਾ ਸਥਾਨ, ਅਲੀਸ਼ਾ ਸ਼ਰਮਾ ਨੇ 99.23 ਫੀਸਦ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ, ਸਿਮਰਨ ਤਿਵਾੜੀ ਨੇ 98.46 ਫੀਸਦ ਅੰਕ ਪ੍ਰਾਪਤ ਕਰਕੇ ਛੇਵਾਂ ਸਥਾਨ, ਸਾਧਨਾ ਰਾਣੀ ਗੁਪਤਾ ਨੇ 98 ਫੀਸਦ ਅੰਕ ਪ੍ਰਾਪਤ ਕਰਕੇ ਸੂਬੇ ਵਿੱਚੋਂ ਨੌਵਾਂ ਸਥਾਨ, ਗੁਰਸਿਮਰਨ ਨੇ 97.30 ਫੀਸਦ ਅੰਕ ਪ੍ਰਾਪਤ ਕਰਕੇ ਤੇਰਵਾਂ ਸਥਾਨ ਪ੍ਰਾਪਤ ਕੀਤਾ। ਸਕੂਲ ਦੀ ਪ੍ਰਿੰਸੀਪਲ ਹਰਜੀਤ ਕੌਰ ਨੇ ਇਸ ਪ੍ਰਾਪਤੀ ਲਈ ਸਮੂਹ ਸਟਾਫ਼, ਵਿਦਿਆਰਥੀਆਂ ਅਤੇ ਮਾਪਿਆਂ ਦੀ ਸ਼ਲਾਘਾ ਕੀਤੀ। ਸਕੂਲ ਦੇ ਡਾਇਰੈਕਟਰ ਦਾਨਿਸ਼ ਗਰੇਵਾਲ ਤੇ ਪ੍ਰਧਾਨ ਗੁਰਪਾਲ ਕੌਰ ਗਰੇਵਾਲ ਨੇ ਇਸ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।