ਖੇਤਰੀ ਪ੍ਰਤੀਨਿਧ
ਲੁਧਿਆਣਾ, 9 ਸਤੰਬਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਦੌਰੇ ’ਤੇ ਆਏ ਯੂਨੀਵਰਸਿਟੀ ਆਫ਼ ਮੈਲਬਾਰਨ ਆਸਟਲੀਆ ਦੇ ਉੱਘੇ ਵਿਗਿਆਨੀਆਂ ਪ੍ਰੋ. ਜਿਓਵਨੀ ਟਰਚਿਨੀ ਅਤੇ ਡਾ. ਸੁਰਿੰਦਰ ਸਿੰਘ ਚੌਹਾਨ ਨੇ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਸਤਬਿੀਰ ਸਿੰਘ ਗੋਸਲ ਤੇ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਵਿਚਾਰ-ਵਟਾਂਦਰੇ ਦੌਰਾਨ ਯੂਨੀਵਰਸਿਟੀ ਵੱਲੋਂ ਸਾਂਝੇ ਤੌਰ ’ਤੇ ਅਜਿਹੀ ਨੀਤੀ ਬਣਾਉਣ ਉੱਤੇ ਚਰਚਾ ਕੀਤੀ ਗਈ, ਜਿਸ ਨਾਲ ਖੇਤੀਬਾੜੀ ਖੇਤਰ ਵਿੱਚ ਆ ਰਹੀਆਂ ਸਮੱਸਿਆਵਾਂ ਨਾਲ ਨਜਿੱਠਿਆ ਜਾ ਸਕੇ। ਡਾ. ਗੋਸਲ ਨੇ ਕਿਹਾ ਕਿ ਦੋਵੇਂ ਯੂਨੀਵਰਸਿਟੀਆਂ ਮਿਲ ਕੇ ਇੱਕ ਦੂਜੇ ਦੀ ਸ਼ਕਤੀ ਬਣ ਸਕਦੀਆਂ ਹਨ ਅਤੇ ਸਾਨੂੰ ਇੱਕ-ਦੂਜੇ ਤੋਂ ਬਹੁਤ ਕੁਝ ਪ੍ਰਾਪਤ ਹੋਵੇਗਾ। ਇਸ ਮੌਕੇ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਪੀਏਯੂ. ਦੇ ਖੋਜ ਕਾਰਜਾਂ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਪੋਸਟ ਗ੍ਰੈਜੂਏਟ ਸਟੱਡੀਜ਼ ਦੇ ਡੀਨ ਡਾ. ਸੰਦੀਪ ਬੈਂਸ ਨੇ ਦੋਵਾਂ ਅਦਾਰਿਆਂ ਵੱਲੋਂ ਸਾਂਝੇ ਖੇਤਰਾਂ ਵਿੱਚ ਕੰਮ ਕਰਨ ਦੀਆਂ ਸੰਭਾਵਨਾਵਾਂ ਬਾਰੇ ਗੱਲ ਕੀਤੀ। ਭੋਜਨ ਵਿਗਿਆਨ ਅਤੇ ਤਕਨਾਲੋਜੀ, ਫੂਡ ਨਿਊਟ੍ਰੀਸ਼ਨ ਅਤੇ ਪ੍ਰੋਸੈਸਿੰਗ ਤੇ ਭੋਜਨ ਇੰਜਨੀਅਰਿੰਗ ਵਿਭਾਗਾਂ ਦੇ ਵਿਗਿਆਨੀਆਂ, ਅਧਿਆਪਕਾਂ ਅਤੇ ਮੁਖੀਆਂ ਨਾਲ ਹੋਏ ਵਿਚਾਰ-ਵਟਾਂਦਰੇ ਦੌਰਾਨ ਡਾ. ਸੁਰਿੰਦਰ ਸਿੰਘ ਚੌਹਾਨ ਨੇ ਮੈਲਬੋਰਨ ਯੂਨੀਵਰਸਿਟੀ ਦੇ ਖੋਜ ਅਤੇ ਪੜ੍ਹਾਈ ਕਾਰਜਾਂ ਸਬੰਧੀ ਚਾਨਣਾ ਪਾਇਆ।
ਖੁੰਭਾਂ ਦੀ ਕਾਸ਼ਤ ਬਾਰੇ ਸਿਖਲਾਈ ਕੋਰਸ
ਲੁਧਿਆਣਾ (ਖੇਤਰੀ ਪ੍ਰਤੀਨਿਧ): ਪੀਏਯੂ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਦੀ ਰਹਿਨੁਮਾਈ ਹੇਠ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ ‘ਸਰਦ ਰੁੱਤ ਦੀਆਂ ਖੁੰਭਾਂ ਦੀ ਕਾਸ਼ਤ ਬਾਰੇ’ ਪੰਜ ਦਿਨਾਂ ਸਿਖਲਾਈ ਕੋਰਸ ਕਰਵਾਇਆ ਗਿਆ। ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਡਾ. ਕੁਲਦੀਪ ਸਿੰਘ ਪੰਧੂ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਵਿੱਚ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।