ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 26 ਜੁਲਾਈ
ਇੱਥੇ ਮਾਡਲ ਟਾਊਨ ਇਲਾਕੇ ’ਚ ਸਥਿਤ ਇੱਕ ਪ੍ਰਾਈਵੇਟ ਬੈਂਕ ਵਿੱਚ ਕੁਲੈਕਸ਼ਨ ਦੇ ਪੈਸੇ ਜਮ੍ਹਾਂ ਕਰਵਾਉਣ ਗਏ ਮਨੀ ਐਕਸਚੇਂਜਰ ਤੋਂ ਲੁਟੇਰਿਆਂ ਨੇ ਲੁੱਟ-ਖੋਹ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਤੇਜ਼ਧਾਰ ਹਥਿਆਰ ਦਿਖਾ ਮੁਲਜ਼ਮ ਤੋਂ ਪੈਸੇ ਖੋਹ ਲਏ, ਪਰ ਰੌਲਾ ਪਾਉਣ ’ਤੇ ਲੋਕਾਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਲੋਕਾਂ ਨੇ ਦੋਵਾਂ ਲੁਟੇਰਿਆਂ ਨੂੰ ਪੁਲੀਸ ਹਵਾਲੇ ਕਰ ਦਿੱਤਾ। ਪੁਲੀਸ ਨੇ ਇਸ ਸਬੰਧੀ ਜੈਨ ਕਲੋਨੀ ਡਾਬਾ ਰੋਡ ਸਥਿਤ ਵਿਜੈ ਇੰਦਰ ਨਗਰ ਵਾਸੀ ਅਮਨਦੀਪ ਸਿੰਘ ਦੀ ਸ਼ਿਕਾਇਤ ’ਤੇ ਤਰਨਜੀਤ ਸਿੰਘ ਵਾਸੀ ਸੁਭਾਸ਼ ਨਗਰ ਤੇ ਗੁਰਜੋਤ ਸਿੰਘ ਵਾਸੀ ਪ੍ਰੀਤ ਨਗਰ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਅਤੇ ਅਦਾਲਤ ਨੇ ਦੋਵਾਂ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਮਨੀ ਐਕਸਚੇਂਜਰ ਦੇ ਮੈਨੇਜਰ ਮਨੋਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਕਰਮਚਾਰੀ ਅਮਨਦੀਪ ਸਿੰਘ ਕੋਲ 50 ਹਜ਼ਾਰ ਰੁਪਏ ਦਾ ਕੈਸ਼ ਸੀ। ਜਿਉਂ ਹੀ ਮਾਡਲ ਟਾਊਨ ਸਥਿਤ ਏਟੀਐਮ ਮਸ਼ੀਨ ’ਤੇ ਪੈਸੇ ਜਮ੍ਹਾਂ ਕਰਵਾਉਣ ਲਈ ਵਾਹਨ ’ਚੋਂ ਉਤਰਨੇ ਤਾਂ ਸਕੂਟਰ ’ਤੇ ਆਏ ਦੋ ਨੌਜਵਾਨਾਂ ’ਚੋਂ ਇੱਕ ਨੇ ਉਨ੍ਹਾਂ ਕੋਲ ਆ ਕੇ ਹੱਥ ’ਚ ਫੜ੍ਹਿਆ ਬੈਗ ਖੋਹਣ ਦੀ ਕੋਸ਼ਿਸ਼ ਕੀਤੀ। ਅਮਨ ਨੇ ਬੈਗ ਨਹੀਂ ਛੱਡਿਆ ਤੇ ਮੁਲਜ਼ਮ ਨੂੰ ਹੀ ਦਬੋਚ ਲਿਆ। ਪਹਿਲਾਂ ਤਾਂ ਸਕੂਟਰ ’ਤੇ ਬੈਠਾ ਉਸਦਾ ਸਾਥੀ ਮੌਕੇ ਤੋਂ ਫ਼ਰਾਰ ਹੋਣ ਦੀ ਕੋਸ਼ਿਸ਼ ਕਰਨ ਲੱਗਿਆ ਸੀ, ਜਿਸਨੂੰ ਥੋੜ੍ਹੀ ਦੂਰੀ ’ਤੇ ਹੀ ਲੋਕਾਂ ਨੇ ਕਾਬੂ ਕਰ ਲਿਆ।