ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 5 ਸਤੰਬਰ
ਥਾਣਾ ਹੈਬੋਵਾਲ ਦੇ ਇਲਾਕੇ ਵਿੱਚ ਕੁਝ ਵਿਅਕਤੀਆਂ ਨੇ ਇੱਕ ਦੁਕਾਨਦਾਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਮਗਰੋਂ ਦੁਕਾਨਦਾਰ ਨੂੰ ਜ਼ਖ਼ਮੀ ਹਾਲਤ ਵਿੱਚ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਸਬ ਇੰਸਪੈਕਟਰ ਭਜਨ ਸਿੰਘ ਨੇ ਦੱਸਿਆ ਹੈ ਕਿ ਗਗਨ ਵਿਹਾਰ ਜੱਸੀਆਂ ਵਾਸੀ ਰਾਕੇਸ਼ ਕੁਮਾਰ ਦੀ ਪਤਨੀ ਅਰੁਣ ਬਾਲਾ ਨੇ ਪੁਲੀਸ ਨੂੰ ਸ਼ਿਕਾਇਤ ਦਰਜ ਕਰਾਈ ਕਿ ਉਸ ਨੂੰ ਕਿਸੇ ਗੁਆਂਢੀ ਦੁਕਾਨਦਾਰ ਨੇ ਫੋਨ ’ਤੇ ਦੱਸਿਆ ਹੈ ਕਿ ਕੁੱਝ ਲੋਕ ਉਸ ਦੇ ਪਤੀ ਰਾਕੇਸ਼ ਕੁਮਾਰ ਦੀ ਕੁੱਟਮਾਰ ਕਰਕੇ ਫ਼ਰਾਰ ਹੋ ਗਏ ਹਨ। ਸੂਚਨਾ ਮਿਲਣ ਮਗਰੋਂ ਜਦੋਂ ਉਹ ਆਪਣੇ ਪਤੀ ਦੀ ਦੁਕਾਨ ’ਤੇ ਪੁੱਜੀ ਤਾਂ ਉਸ ਨੇ ਦੇਖਿਆ ਕਿ ਉਹ ਉੱਥੇ ਤੜਫ ਰਿਹਾ ਸੀ। ਉਸ ਨੂੰ ਤੁਰੰਤ ਇਲਾਜ ਲਈ ਡੀਐੱਮਸੀ ਹਸਪਤਾਲ ਦਾਖ਼ਲ ਕਰਾਇਆ ਗਿਆ। ਪੁਲੀਸ ਨੇ ਅੰਕੁਸ਼ ਟੰਡਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।