ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਅਗਸਤ
ਸਨਅਤੀ ਸ਼ਹਿਰ ਲੁਧਿਆਣਾ ਦੇ ਤਾਜਪੁਰ ਰੋਡ ’ਤੇ ਪੈਂਦੇ ਡੰਪ ’ਤੇ ਪਿਛਲੇ ਕਈ ਮਹੀਨਿਆਂ ਤੋਂ ਕੂੜੇ ਦੇ ਨਿਪਟਾਰੇ ਦਾ ਕੰਮ ਰੁਕਿਆ ਹੋਣ ਕਰਕੇ ਕੂੜੇ ਦੇ ਢੇਰ ਦਿਨੋਂ ਦਿਨ ਹੋਰ ਵੱਡੇ ਹੁੰਦੇ ਜਾ ਰਹੇ ਹਨ। ਕੂੜੇ ਤੋਂ ਉੱਠਦੀ ਬਦਬੂ ਨੇ ਲੋਕਾਂ ਦਾ ਜਿਉਣਾ ਮੁਸ਼ਕਲ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਰੋਜ਼ਾਨਾ 11 ਟਨ ਕੂੜਾ ਪੈਦਾ ਹੁੰਦਾ ਹੈ। ਨਗਰ ਨਿਗਮ ਦੇ ਮੇਅਰ ਦਾ ਕਹਿਣਾ ਹੈ ਕਿ ਜਲਦੀ ਹੀ ਟੈਂਡਰ ਪਾ ਕਿ ਕੰਪਨੀਆਂ ਸ਼ਾਰਟਲਿਸਟ ਕੀਤੀਆਂ ਜਾਣਗੀਆਂ। ਸ਼ਹਿਰ ਦੇ ਸਭ ਤੋਂ ਵੱਡੇ ਡੰਪ ਤਾਜਪੁਰ ਵਿੱਚ ਕੂੜੇ ਦੇ ਨਿਪਟਾਰੇ ਦਾ ਕੰਮ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਰੁਕਿਆ ਹੋਣ ਕਾਰਨ ਕੂੜੇ ਦੇ ਢੇਰਾਂ ਨੇ ਪਹਾੜਾਂ ਦਾ ਰੂਪ ਧਾਰ ਲਿਆ ਹੈ। ਸ਼ਹਿਰ ਵਿੱਚ ਰੋਜ਼ਾਨਾ 11 ਟਨ ਦੇ ਕਰੀਬ ਕੂੜਾ ਨਿਕਲਦਾ ਹੈ ਅਤੇ ਹੁਣ ਤੱਕ ਇਸ ਡੰਪ ’ਤੇ 2 ਤੋਂ 3 ਲੱਖ ਟਨ ਕੂੜਾ ਇਕੱਠਾ ਹੋ ਗਿਆ ਹੈ। ਪਹਿਲਾਂ ਇੱਥੇ ਸੌਲਿਡ ਵੇਸਟ ਦੇ ਨਿਪਟਾਰੇ ਦਾ ਕੰਮ ਏ-ਟੂ-ਜ਼ੈੱਡ ਕੰਪਨੀ ਵੱਲੋਂ ਕੀਤਾ ਜਾਂਦਾ ਸੀ ਪਰ ਉਸ ਨੇ ਵੀ ਫਰਵਰੀ ਮਹੀਨੇ ਕੰਮ ਛੱਡ ਦਿੱਤਾ। ਇਸ ਡੰਪ ਰਾਹੀਂ ਆਸ-ਪਾਸ ਦੇ ਇਲਾਕਿਆਂ ਵਿੱਚ ਫੈਲੇ ਪ੍ਰਦੂਸ਼ਣ ਕਰਕੇ ਕੁਝ ਮਹੀਨੇ ਪਹਿਲਾਂ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵੀ ਨਿਗਮ ਨੂੰ 1 ਕਰੋੜ 80 ਲੱਖ ਰੁਪਏ ਦਾ ਜੁਰਮਾਨਾ ਕਰ ਦਿੱਤਾ ਸੀ। ਕੂੜੇ ਦੇ ਨਿਪਟਾਰੇ ਦੀਆਂ ਤਕਨੀਕਾਂ ਦੇਖਣ ਲਈ ਨਿਗਮ ਵੱਲੋਂ ਕਈ ਟੀਮਾਂ ਚੇਨੱਈ, ਦਿੱਲੀ, ਇੰਦੋਰ ਅਤੇ ਹੋਰ ਕਈ ਥਾਵਾਂ ਦਾ ਦੌਰਾ ਵੀ ਕਰ ਚੁੱਕੀਆਂ ਹਨ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਕੂੜੇ ਦੇ ਵਧ ਰਹੇ ਇਨ੍ਹਾਂ ਢੇਰਾਂ ਕਰਕੇ ਆਸ-ਪਾਸ ਦੇ ਲੋਕ ਡਾਢੇ ਪ੍ਰੇਸ਼ਾਨ ਹਨ। ਬਰਸਾਤੀ ਮੌਸਮ ਹੋਣ ਕਰਕੇ ਬਦਬੂ ਮਾਰ ਰਿਹਾ ਇਹ ਕੂੜਾ ਲੋਕਾਂ ਨੂੰ ਹੋਰ ਕਈ ਬਿਮਾਰੀਆਂ ਦਾ ਸ਼ਿਕਾਰ ਬਣਾ ਸਕਦਾ ਹੈ।
ਜਲਦ ਟੈਂਡਰ ਜਾਰੀ ਕਰਕੇ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ: ਮੇਅਰ
ਦੂਜੇ ਪਾਸੇ ਨਗਰ ਨਿਗਮ ਦੇ ਮੇਅਰ ਬਲਕਾਰ ਸਿੰਘ ਸੰਧੂ ਦਾ ਕਹਿਣਾ ਹੈ ਕਿ ਕੂੜੇ ਦੇ ਨਿਪਟਾਰੇ ਲਈ ਜਲਦੀ ਹੀ ਟੈਂਡਰ ਪਾਏ ਜਾਣਗੇ। ਅਪਲਾਈ ਕਰਨ ਵਾਲੀਆਂ ਕੰਪਨੀਆਂ ਨੂੰ ਸ਼ਾਰਟਲਿਸਟ ਕਰਕੇ ਰੁਕਿਆ ਕੰਮ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ।