ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਜਨਵਰੀ
ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਤੇ ਨਗਰ ਨਿਗਮ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਸ਼ਹੀਦ ਸੁਖਦੇਵ ਥਾਪਰ ਦੀ ਸਥਾਨਕ ਨੌਘਰਾਂ ਸਥਿਤ ਜਨਮ ਅਸਥਾਨ ਨੂੰ ਚੌੜਾ ਬਾਜ਼ਾਰ ਤੋਂ ਸਿੱਧਾ ਰਸਤਾ ਦੇਣ ਲਈ 40 ਵਰਗ ਜ਼ਮੀਨ ਦੇਣ ਲਈ ਹੁਣ ਤੱਕ ਹੋਈ ਕਾਰਵਾਈ ਰਿਪੋਰਟ ਤਲਬ ਕੀਤੀ ਹੈ। ਇਹ ਜਾਣਕਾਰੀ ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਦੇ ਪ੍ਰਧਾਨ ਅਸ਼ੋਕ ਥਾਪਰ ਵੱਲੋਂ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਸੰਘਰਸ਼ ਦੌਰਾਨ ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਨੇ ਜ਼ਿਲ੍ਹਾ ਪ੍ਰਸ਼ਾਸਨ, ਸੂਬਾ ਸਰਕਾਰ ਤੋਂ ਲੈ ਕੇ ਕੇਂਦਰ ਸਰਕਾਰ ਕੋਲ ਕਈ ਵਾਰ ਪਹੁੰਚ ਕੀਤੀ, ਪਰ ਹਰ ਵਾਰ ਕਾਗਜ਼ੀ ਕਾਰਵਾਈ ਦਾ ਹਵਾਲਾ ਦੇ ਕੇ ਜਨਮ ਸਥਾਨ ਨੂੰ ਸਿੱਧਾ ਰਸਤਾ ਦੇਣ ’ਚ ਦੇਰੀ ਹੁੰਦੀ ਰਹੀ। ਇਸ ਦੌਰਾਨ ਪੰਜਾਬ ’ਚ ਕਈ ਸਰਕਾਰਾਂ ਤੇ ਮੁੱਖ ਮੰਤਰੀ ਬਦਲੇ, ਪਰ ਸ਼ਹੀਦ ਦੀ ਚਰਨ ਛੋਹ ਪ੍ਰਾਪਤ ਭੂਮੀ ਨੂੰ ਸਿੱਧਾ ਰਸਤਾ ਨਹੀਂ ਮਿਲਿਆ। ਟਰੱਸਟ ਵੱਲੋਂ ਵਾਰ ਵਾਰ ਸਥਾਨਕ ਸਰਕਾਰਾਂ ਵਿਭਾਗ ਦਾ ਦਰਵਾਜ਼ਾ ਖੜਕਾਉਣ ’ਤੇ ਵਿਭਾਗ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਤੇ ਨਗਰ ਨਿਗਮ ਕਮਿਸ਼ਨਰ ਨੂੰ ਪੱਤਰ ਲਿਖ ਕੇ ਨਗਰ ਨਿਗਮ ਵੱਲੋਂ 31-12-2019 ਨੂੰ ਪਾਸ ਕੀਤੇ ਪ੍ਰਸਤਾਵ ਨੰ. 168 ਦਾ ਹਵਾਲਾ ਦੇ ਕੇ ਜਲਦੀ ਤੋਂ ਜਲਦੀ 40 ਵਰਗ ਜ਼ਮੀਨ ਐਕੁਆਇਰ ਕਰ ਸ਼ਹੀਦ ਦੇ ਜਨਮ ਸਥਾਨ ਨੂੰ ਸਿੱਧਾ ਰਸਤਾ ਮੁੱਹਈਆ ਕਰਵਾਉਣ ਦਾ ਮਾਰਗ ਪ੍ਰਸਤਾਵ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਹਨ।