ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 28 ਸਤੰਬਰ
ਲੁਧਿਆਣਾ ਤੋਂ ਮੁੜ ਕੈਬਨਿਟ ਮੰਤਰੀ ਬਣੇ ਭਾਰਤ ਭੂਸ਼ਣ ਆਸ਼ੂ ਨੂੰ ਵਧਾਈਆਂ ਦੇਣ ਲਈ ਇਥੇ ਸਮਰਥਕਾਂ ਵੱਲੋਂ ਵੱਡੇ-ਵੱਡੇ ਬੋਰਡ ਲਗਾਏ ਗਏ ਸਨ, ਜਿਨ੍ਹਾਂ ’ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਗਾਇਬ ਸੀ। ਪਰ 24 ਘੰਟੇ ਦੌਰਾਨ ਹੀ ਇਨ੍ਹਾਂ ਪੋਸਟਰਾਂ ਨੂੰ ਸ਼ਹਿਰ ਵਿੱਚੋਂ ਹਟਾ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਿਕ ਸਵੇਰ ਤੱਕ ਜਿਨ੍ਹਾਂ ਖੰਭਿਆਂ ’ਤੇ ਵਧਾਈਆਂ ਦੇ ਬੋਰਡ ਲੱਗੇ ਹੋਏ ਸਨ, ਉਹ ਬੋਰਡ ਸ਼ਾਮ ਹੁੰਦੇ ਤੱਕ ਹਟਾ ਦਿੱਤੇ ਗਏ। ਇਸ ਦੇ ਪਿੱਛੇ ਇਹੀ ਕਾਰਨ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਪੋਸਟਰਾਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਗਾਇਬ ਸੀ। ਸੂਤਰਾਂ ਦੀ ਮੰਨੀਏ ਤਾਂ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਲਗਾ ਕੇ ਦੁਬਾਰਾ ਪੋਸਟਰ ਤਿਆਰ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਕਿਸੇ ਸਮੇਂ ਕੈਪਟਨ ਅਮਰਿੰਦਰ ਸਿੰਘ ਦੇ ਖਾਸ ਮੰਨੇ ਜਾਣ ਵਾਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਦੁਬਾਰਾ ਕੈਬਨਿਟ ਮੰਤਰੀ ਦੀ ਕੁਰਸੀ ਮਿਲਦੇ ਹੀ ਸ਼ਹਿਰ ਵਿੱਚ ਸੈਂਕੜੇ ਥਾਵਾਂ ’ਤੇ ਵਧਾਈਆਂ ਦੇ ਬੋਰਡ ਲਗਾਏ ਗਏ ਸਨ, ਜਿਨ੍ਹਾਂ ’ਤੇ ਕੈਪਟਨ ਦੀ ਫੋਟੋ ਗਾਇਬ ਸੀ। ਸ਼ਹਿਰ ਵਿੱਚ ਵੱਡੇ-ਵੱਡੇ ਪੋਸਟਰਾਂ ਸਬੰਧੀ ‘ਪੰਜਾਬੀ ਟ੍ਰਿਬਿਊਨ’ ਵਿੱਚ ਖ਼ਬਰ ਛਾਪੀ ਗਈ ਸੀ, ਜਿਸ ਤੋਂ ਬਾਅਦ ਅੱਜ ਜਦੋਂ ਇਸ ਮਾਮਲੇ ਦੀ ਸਿਆਸੀ ਚਰਚਾ ਛਿੜ ਗਈ ਤਾਂ ਕੁਝ ਹੀ ਸਮੇਂ ਵਿੱਚ ਸ਼ਹਿਰ ਦੇ ਵੱਖ-ਵੱਖ ਥਾਵਾਂ ’ਤੇ ਲੱਗੇ ਇਨ੍ਹਾਂ ਬੋਰਡਾਂ ਨੂੰ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ। ਸਾਰੇ ਹੀ ਬੋਰਡਾਂ ਨੂੰ ਹਟਾ ਦਿੱਤਾ ਹੈ। ਇਨ੍ਹਾਂ ਬੋਰਡਾਂ ’ਤੇ ਵਿਧਾਇਕ ਭਾਰਤ ਭੂਸ਼ਣ ਆਸ਼ੂ ਦੇ ਦੁਬਾਰਾ ਕੈਬਨਿਟ ਮੰਤਰੀ ਬਣਨ ’ਤੇ ਵਧਾਈਆਂ ਲਿਖੀਆਂ ਸਨ। ਬੋਰਡ ’ਤੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਚਰਨਜੀਤ ਸਿੰਘ ਚੰਨੀ, ਓਪੀ ਸੋਨੀ, ਸੁਖਜਿੰਦਰ ਰੰਧਾਵਾ, ਨਵਜੋਤ ਸਿੱਧੂ ਤੇ ਸੁਨੀਲ ਜਾਖੜ ਦੀਆਂ ਤਸਵੀਰਾਂ ਸਨ।