ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 13 ਨਵੰਬਰ
ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਸ਼ੇਰਪੁਰ ਚੌਕ ਤੋਂ ਜਲੰਧਰ ਬਾਈਪਾਸ ਚੌਕ (ਪੁਰਾਣਾ ਜੀਟੀ ਰੋਡ) ਤਕ 11.64 ਕਰੋੜ ਰੁਪਏ ਦੀ ਲਾਗਤ ਵਾਲੀ 7.5 ਕਿਲੋਮੀਟਰ ਲੰਮੀ ਸੜਕ ਦੀ ਮੁਰੰਮਤ ਦੇ ਨਾਲ ਗ੍ਰੀਨ ਬੈਲਟ ਵਿਕਸਤ ਕਰਨ ਦੇ ਕੰਮ ਦਾ ਉਦਘਾਟਨ ਕੀਤਾ। ਸ਼ੇਰਪੁਰ ਚੌਕ ਤੋਂ ਜਗਰਾਓਂ ਪੁਲ ਤਕ 3.16 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਪ੍ਰਾਜੈਕਟ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕਰਦਿਆਂ ਮੰਤਰੀ ਆਸ਼ੂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਗਰ ਨਿਗਮ ਲੁਧਿਆਣਾ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਇਸ ਪ੍ਰਾਜੈਕਟ ਦੇ ਕੰਮ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਿਆ ਜਾਵੇ ਤਾਂ ਜੋ ਇਸ ਨਾਲ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਪੂਰੇ 7.5 ਕਿਲੋਮੀਟਰ ਸੜਕ ਦੇ ਪ੍ਰਾਜੈਕਟ ਵਿੱਚ ਗ੍ਰੀਨ ਬੈਲਟ ਦਾ ਵਿਕਾਸ, ਘਾਹ ਤੇੇ ਬੂਟੇ, ਫੁੱਟਪਾਥਾਂ ਦਾ ਨਿਰਮਾਣ ਅਤੇ ਹੋਰ ਕਾਰਜ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪ੍ਰਾਜੈਕਟ ਦੇ ਬਾਕੀ ਰਹਿੰਦੇ ਹਿੱਸੇ ਦੇ ਟੈਂਡਰ ਅਲਾਟ ਹੋ ਚੁੱਕੇ ਹਨ ਅਤੇ ਜਲਦ ਹੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਮੰਤਰੀ ਆਸ਼ੂ ਨੇ ਕਿਹਾ ਕਿ ਸੂਬਾ ਸਰਕਾਰ ਲੁਧਿਆਣਾ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਸੂਬਾ ਸਰਕਾਰ ਵੱਲੋਂ ਸ਼ਹਿਰ ਦੇ ਸੁੰਦਰੀਕਰਨ ਨੂੰ ਯਕੀਨੀ ਬਣਾਉਣ ਲਈ ਸ਼ਹਿਰੀ ਖੇਤਰਾਂ ਦੇ ਸੜਕੀ ਨੈਟਵਰਕ ਦੇ ਸੁਧਾਰ ਅਤੇ ਗ੍ਰੀਨ ਬੈਲਟ ਦੇ ਵਿਕਾਸ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਨਗਰ ਨਿਗਮ ਲੁਧਿਆਣਾ ਸੂਬੇ ਦੇ ਉਦਯੋਗਿਕ ਹੱਬ ਨੂੰ ਸਮਾਰਟ ਅਤੇ ਅਤਿ-ਆਧੁਨਿਕ ਸ਼ਹਿਰ ਵਿੱਚ ਬਦਲਣ ਲਈ ਮਿਸਾਲੀ ਫੈਸਲੇ ਲੈ ਰਹੀ ਹੈ। ਇਸ ਮੌਕੇ ਮੇਅਰ ਬਲਕਾਰ ਸਿੰਘ ਸੰਧੂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਮਨ ਬਾਲਾਸੁਬਰਾਮਣੀਅਮ, ਕੌਂਸਲਰ ਸਵਰਨਦੀਪ ਸਿੰਘ ਚਾਹਲ, ਨਗਰ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ, ਜਰਨੈਲ ਸਿੰਘ ਸ਼ਿਮਲਾਪੁਰੀ, ਅਰਜੁਨ ਸਿੰਘ ਚੀਮਾ ਆਦਿ ਮੌਜੂਦ ਸਨ।
ਸੀਵਰੇਜ ਵਿਛਾਉਣ ਦੇ ਪ੍ਰਾਜੈਕਟ ਦੀ ਸ਼ੁਰੂਆਤ
ਭਾਰਤ ਭੂਸ਼ਣ ਆਸ਼ੂ ਨੇ ਅੱਜ ਸ਼ੇਰਪੁਰ ਇਲਾਕੇ ਵਿੱਚ 3.27 ਕਰੋੜ ਰੁਪਏ ਦੀ ਲਾਗਤ ਵਾਲੇ ਸੀਵਰੇਜ ਵਿਛਾਉਣ ਦੇ ਪ੍ਰਾਜੈਕਟ ਦੇ ਕੰਮ ਦੀ ਸ਼ੁਰੂਆਤ ਕੀਤੀ। ਮੰਤਰੀ ਆਸ਼ੂ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਤਹਿਤ 1.25 ਕਿਲੋਮੀਟਰ ਤੱਕ 800 ਮਿਲੀਮੀਟਰ ਵਿਆਸ ਦੀ ਸੀਵਰ ਪਾਈਪ ਲਾਈਨ ਵਿਛਾਈ ਜਾਵੇਗੀ ਅਤੇ ਅਧਿਕਾਰੀਆਂ ਨੂੰ ਇਸ ਕੰਮ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਨ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਤਰਾਂ ਵਿੱਚ ਵਧਦੀ ਆਬਾਦੀ ਕਾਰਨ ਮੌਜੂਦਾ ਅਤੇ ਦਹਾਕਿਆਂ ਪੁਰਾਣੀ ਸੀਵਰ ਲਾਈਨ ਲੋਡ ਚੁੱਕਣ ਦੇ ਯੋਗ ਨਹੀਂ ਹੈ।