ਦੇਵਿੰਦਰ ਸਿੰਘ ਜੱਗੀ
ਪਾਇਲ, 11 ਮਈ
ਪੀਐੱਚਸੀ ਪਾਇਲ ਵਿੱਚ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਦੀ ਅਗਵਾਈ ਹੇਠ ਆਸ਼ਾ ਵਰਕਰਾਂ ਵੱਲੋਂ ਰੋਸ ਧਰਨਾ ਦਿੱਤਾ ਗਿਆ। ਜਦੋਂ ਆਸ਼ਾ ਵਰਕਰਾਂ ਤੋਂ ਐੱਸਐੱਮਓ ਪਾਇਲ ਮੰਗ ਪੱਤਰ ਨਾ ਲੈਣ ਆਏ ਤਾਂ ਉਨ੍ਹਾਂ ਮੰਗ ਪੱਤਰ ਦਰੱਖਤ ਨਾਲ ਬੰਨ੍ਹਕੇ ਰੱਜ ਕੇ ਭੜਾਸ ਕੱਢੀ।
ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਨੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਕਰੋਨਾ ਮਹਾਮਾਰੀ ਦੇ ਵਧ ਰਹੇ ਫੈਲਾਅ ਨੂੰ ਰੋਕਣ, ਕਰੋਨਾ ਟੈਸਟ ਕਰਾਉਣ ਲਈ ਲੋਕਾਂ ਨੂੰ ਘਰ-ਘਰ ਜਾ ਕੇ ਜਾਗਰੂਕ ਕਰਨਾ ਅਤੇ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਪਰ ਫਰੰਟਲਾਈਨ ਦੀਆਂ ਆਸ਼ਾ ਵਰਕਰਾਂ ਦੀ ਹੱਕੀ ਮੰਗਾਂ ਦਾ ਮੰਗ ਪੱਤਰ ਨਾ ਲੈਣ ਆਉਣਾ ਬੜੀ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਹੋਰ ਸੰਘਰਸ਼ ਤਿੱਖਾ ਕਰਨਗੀਆਂ। ਮੀਤ ਪ੍ਰਧਾਨ ਜਸਪ੍ਰੀਤ ਕੌਰ ਤੇ ਹਲਕਾ ਪਾਇਲ ਦੀ ਪ੍ਰਧਾਨ ਹਰਪ੍ਰੀਤ ਕੌਰ ਭੱਠਲ ਨੇ ਕਿਹਾ ਕਿ ਪਿੰਡ ਅੜੈਚਾ ਦੀ ਆਸ਼ਾ ਵਰਕਰ ਜੋ ਕਰੋਨਾ ਪਾਜ਼ੇਟਿਵ ਆਈ ਹੈ, ਉਸ ਦੇ ਪਰਿਵਾਰ ਦੇ ਤਿੰਨਾਂ ਜੀਆਂ ਦੀ ਮੌਤ ਹੋ ਚੁੱਕੀ ਹੈ ਪਰ ਉਸ ਦੀ ਮਹਿਕਮੇ ਵੱਲੋਂ ਕੋਈ ਵੀ ਸਹਾਇਤਾ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਐੱਸਐੱਮਓ ਪਾਇਲ ਦੇ ਅੜੀਅਲ ਵਤੀਰੇ ਕਾਰਨ ਆਸ਼ਾ ਵਰਕਰਜ਼ 21 ਮਈ ਤੱਕ ਹੜਤਾਲ ’ਤੇ ਚਲੀਆਂ ਗਈਆਂ ਹਨ। ਐੱਸਐੱਮਓ ਪਾਇਲ ਹਰਪ੍ਰੀਤ ਸਿੰਘ ਸੇਖੋਂ ਨੇ ਕਿਹਾ ਕਿ ਸਰਕਾਰ ਦੀ ਹਦਾਇਤਾਂ ਹਨ ਕਿ ਕੋਵਿਡ-19 ਦੌਰਾਨ ਜੇਕਰ ਕੋਈ ਰੋਸ ਧਰਨਾ ਲਗਾਉਦਾ ਹੈ ਤਾਂ ਉਨ੍ਹਾਂ ਵਰਕਰਾਂ ਦੀ ਲਿਸਟ ਬਣਾ ਕੇ ਭੇਜੀ ਜਾਵੇ ਅਤੇ ਨਾ ਤਨਖਾਹ ਅਤੇ ਨਾ ਹੀ ਕੰਮ ਦੇ ਕੇ ਘਰ ਭੇਜਿਆ ਜਾਵੇ। ਉਨ੍ਹਾਂ ਮੰਗ ਪੱਤਰ ਨਾ ਲੈਣ ਬਾਰੇ ਕਿਹਾ ਕਿ ਉਹ ਮੰਗ ਪੱਤਰ ਦਫ਼ਤਰ ਆ ਕੇ ਦੇ ਜਾਣ, ਉਨ੍ਹਾਂ ਕੋਈ ਮਨ੍ਹਾਂ ਨਹੀਂ ਕੀਤਾ।