ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 19 ਮਾਰਚ
ਨਵੇਂ ਮੁੱਖ ਮੰਤਰੀ ਭਗਵੰਤ ਮਾਨ ਦੇ ਆਹੁਦਾ ਸੰਭਾਲਦੇ ਹੀ ਸਰਕਾਰ ਵਿਭਾਗਾਂ ਨੂੰ ਦਿੱਤੀ ਚੇਤਾਵਨੀ ਦਾ ਅਸਰ ਹੁਣ ਵਿਭਾਗਾਂ ਵਿੱਚ ਹੋਣਾ ਸ਼ੁਰੂ ਹੋ ਗਿਆ ਹੈ। ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਨੇ ਮੁਲਾਜ਼ਮਾਂ ਲਈ ਹੁਕਮ ਜਾਰੀ ਕੀਤੇ ਹਨ। ਹਰ ਮੁਲਾਜ਼ਮ ਸਵੇਰੇ 9 ਵਜੇ ਆਪਣੇ ਦਫ਼ਤਰ ਵਿੱਚ ਹਾਜ਼ਰ ਹੋਣਾ ਜ਼ਰੂਰੀ ਹੈ। ਇਸਦੇ ਨਾਲ ਹੀ ਨਗਰ ਨਿਗਮ ਦੇ ਚਾਰੋਂ ਜੋਨਾਂ ਦੇ ਜ਼ੋਨਲ ਕਮਿਸ਼ਨਰ ਨੂੰ ਵੀ ਕਿਹਾ ਕਿ ਉਹ ਆਮ ਜਨਤਾ ਦੇ ਕੰਮ ਕਰਵਾਉਣ ਤੋਂ ਬਾਅਦ ਉਨ੍ਹਾਂ ਦਾ ਫੀਡਬੈਕ ਵੀ ਲੈਣ, ਕਿ ਉਨ੍ਹਾਂ ਨੂੰ ਦਫ਼ਤਰ ਵਿੱਚ ਕੰਮ ਕਰਵਾਉਣ ਦੌਰਾਨ ਕੋਈ ਪ੍ਰੇਸ਼ਾਨੀ ਤਾਂ ਨਹੀਂ ਆਈ। ਇਸਦੇ ਨਾਲ ਹੀ ਬੀਐਂਡਆਰ ਬਰਾਂਚ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਉਹ ਸੜਕਾਂ ’ਤੇ ਪੈਚਵਰਕ ਲਗਾਉਣੇ ਸ਼ੁਰੂ ਕਰ ਦੇਣ। ਓਐਂਡਐੱਮ ਸੈਲ ਦੇ ਮੁਲਾਜ਼ਮਾਂ ਨੂੰ ਕਿਹਾ ਗਿਆ ਕਿ ਸ਼ਹਿਰ ਵਿੱਚ ਕੋਈ ਵੀ ਸੀਵਰੇਜ ਦਾ ਮੈਨਹੋਲ ਬਿਨਾਂ ਢੱਕਣ ਤੋਂ ਨਹੀਂ ਹੋਣਾ ਚਾਹੀਦਾ। ਨਗਰ ਨਿਗਮ ਦੇ ਕਿਸੇ ਵੀ ਦਫ਼ਤਰ ਵਿੱਚ ਕੋਈ ਏਜੰਟ ਦਾਖ਼ਲ ਨਹੀਂ ਹੋਣਾ ਚਾਹੀਦਾ। ਲੋਕਾਂ ਦੀ ਸੁਵਿਧਾ ਦੇ ਲਈ ਜ਼ੋਨਲ ਕਮਿਸ਼ਨਰ ਆਪਣਾ ਮੋਬਾਈਲ ਨੰਬਰ ਲਿਖ ਕੇ ਦਫ਼ਤਰ ਵਿੱਚ ਬੋਰਡ ਲਗਾਉਣ। ਨਗਰ ਨਿਗਮ ਦੇ ਸੁਵਿਧਾ ਸੈਂਟਰ ਵਿੱਚ ਜੋ ਵੀ ਅਰਜ਼ੀਆਂ ਮਾਲਕੀ ਬਦਲਣ, ਟੀਐਸ 1 ਲੈਣ ਤੇ ਪਾਣੀ ਸੀਵਰੇਜ਼ ਦੇ ਕੁਨੈਕਸ਼ਨ ਲਈ ਆਉਂਦੀਆਂ ਹਨ, ਉਨ੍ਹਾਂ ਲੋਕਾਂ ਨੂੰ ਜੋਨਲ ਕਮਿਸ਼ਨਰ ਜਾਂ ਫਿਰ ਜ਼ੋਨਲ ਸੁਪਰਡੈਂਟ ਖੁਦ ਫੋਨ ਕਰ ਕੇ ਪੁੱਛਣ ਕਿ ਉਨ੍ਹਾਂ ਨੂੰ ਦਫ਼ਤਰ ਵਿੱਚ ਕੰਮ ਕਰਵਾਉਣ ਲਈ ਕੋਈ ਮੁਸ਼ਕਲ ਤਾਂ ਨਹੀਂ ਆਇਆ। ਇਨ੍ਹਾਂ ਸਭ ਦੀ ਪਾਲਣਾ ਲਈ ਨਗਰ ਨਿਗਮ ਕਮਿਸ਼ਨਰ ਨੇ ਮੁਲਾਜ਼ਮਾਂ ਨੂੰ ਨਿਰੇਦਸ਼ ਜਾਰੀ ਕੀਤੇ ਹਨ।