ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 18 ਅਕਤੂਬਰ
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਭੱਖ ਗਿਆ ਹੈ, ਜਿਥੇ ਵਿਰੋਧੀ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕੀਤਾ ਹੈ, ਦੂਜੇ ਪਾਸੇ ਸੱਤਾ ਧਿਰ ਨੇ ਵੋਟ ਬੈਂਕ ਨੂੰ ਆਪਣਾ ਵੱਲ ਕਰਨ ਲਈ ਵਿਕਾਸ ਕਾਰਜਾਂ ਦੀ ਹਨ੍ਹੇਰੀ ਲਿਆਉਣ ਦੀ ਤਿਆਰੀ ਖਿੱਚ ਦਿੱਤੀ ਹੈ। ਅਗਲੇ ਕੁੱਝ ਦਿਨਾਂ ਵਿੱਚ ਲੁਧਿਆਣਾ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਸੜਕਾਂ, ਸੀਵਰੇਜ ਤੇ ਸਟ੍ਰੀਟ ਲਾਈਟਾਂ ਲਗਾਉਣ ਦਾ ਕੰਮ ਸ਼ੁਰੂ ਹੋ ਜਾਏਗਾ। ਉਧਰ, ਚੋਣ ਕਮਿਸ਼ਨ ਦਸੰਬਰ ਮਹੀਨੇ ’ਚ ਕਿਸੇ ਵੀ ਸਮੇਂ ਚੋਣ ਜ਼ਾਬਤਾ ਲਾਗੂ ਕਰ ਸਕਦਾ ਹੈ। ਇਸੇ ਕਾਰਨ ਨਗਰ ਨਿਗਮ ਨੇ ਸ਼ਾਰਟ ਟਰਮ ਟੈਂਡਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਨਗਰ ਨਿਗਮ ਨੇ ਵੀ ਦੋ ਦਿਨ ਤੋਂ ਵਿਕਾਸ ਕਾਰਜਾਂ ਦੇ ਸਾਰੇ ਟੈਂਡਰ 7 ਅਤੇ 11 ਦਿਨ ਅੰਦਰ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਹਨ। ਨਿਗਮ 2 ਦਿਨ ’ਚ ਹੀ 50 ਤੋਂ ਜ਼ਿਆਦਾ ਵਿਕਾਸ ਕਾਰਜਾਂ ਦੇ ਸ਼ਾਰਟ ਟਰਮ ਟੈਂਡਰ ਜਾਰੀ ਕਰ ਚੁੱਕਿਆ ਹੈ। ਦੂਜੇ ਪਾਸੇ ਇੰਨੀ ਵੱਡੀ ਗਿਣਤੀ ਵਿੱਚ ਇੱਕ ਸਾਰ ਟੈਂਡਰ ਆਉਣ ਕਾਰਨ ਠੇਕੇਦਾਰ ਪ੍ਰੇਸ਼ਾਨ ਹੋ ਗਏ ਹਨ। ਠੇਕੇਦਾਰਾਂ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਹੈ ਕਿ ਇੰਨੀ ਵੱਡੀ ਗਿਣਤੀ ’ਚ ਇੱਕੋ ਵੇਲੇ ਕੰਮ ਸ਼ੁਰੂ ਨਹੀਂ ਕੀਤਾ ਜਾ ਸਕਦਾ। ਇਸ ਦੇ ਬਾਵਜੂਦ ਨਿਗਮ ਅਫ਼ਸਰ ਠੇਕੇਦਾਰਾਂ ਤੋਂ ਟੈਂਡਰ ਭਰਵਾ ਰਹੇ ਹਨ। ਦਰਅਸਲ ਨਗਰ ਨਿਗਮ ’ਚ ਠੇਕੇਦਾਰਾਂ ਦੀ ਗਿਣਤੀ ਸੀਮਤ ਹੋਣ ਕਾਰਨ ਉਹ ਵਧੇਰੇ ਕੰਮ ਇੱਕੋ ਵੇਲੇ ਨਹੀਂ ਸ਼ੁਰੂ ਕਰਵਾ ਸਕਦੇ। ਉਧਰ ਮੇਅਰ ਨੇ ਸਾਫ਼ ਆਖ ਦਿੱਤਾ ਹੈ ਕਿ ਠੇਕੇਦਾਰਾਂ ਦਾ ਵਰਕ ਆਰਡਰ ਜਾਰੀ ਕਰ ਰਹੇ ਹਨ, ਕੌਂਸਲਰ ਉਨ੍ਹਾਂ ਤੋਂ ਕੰਮ ਸ਼ੁਰੂ ਕਰਵਾ ਲੈਣ। ਨਾਲ ਹੀ ਮੇਅਰ ਨੇ ਠੇਕੇਦਾਰਾਂ ਨੂੰ ਚਿਤਾਵਨੀ ਵੀ ਦਿੱਤੀ ਹੈ ਕਿ ਵੱਡੀ ਗਿਣਤੀ ’ਚ ਕੰਮ ਸ਼ੁਰੂ ਕਰਨ ਸਮੇਂ ਕੁਆਲਿਟੀ ਤੇ ਮਾਪਦੰਡਾਂ ਦਾ ਖਿਆਲ ਰੱਖਿਆ ਜਾਵੇ, ਇਸ ਵਿੱਚ ਲਾਪ੍ਰਵਾਹੀ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੇਅਰ ਬਲਕਾਰ ਸੰਧੂ ਨੇ ਵਧੀਕ ਕਮਿਸ਼ਨਰ ਆਦਿੱਤਿਆ ਨੂੰ ਜ਼ਿੰਮੇਵਾਰੀ ਦਿੱਤੀ ਹੈ ਕਿ ਸ਼ਹਿਰ ਵਿੰਚ ਹੋਣ ਵਾਲੇ ਵਿਕਾਸ ਕਾਰਜਾਂ ਦੀ ਜਾਂਚ ਉਹ ਨਾਲ ਨਾਲ ਕਰਨ ਤਾਂ ਜੋ ਠੇਕੇਦਾਰ ਮਨਮਰਜ਼ੀ ਨਾਲ ਕੰਮ ਨਾ ਕਰ ਸਕਣ।
ਮੇਅਰ ਬਲਕਾਰ ਸੰਧੂ ਵੱਲੋਂ ਠੇਕੇਦਾਰਾਂ ਨੂੰ ਚਿਤਾਵਨੀ
ਮੇਅਰ ਬਲਕਾਰ ਸੰਧੂ ਨੇ ਠੇਕੇਦਾਰਾਂ ਨੂੰ ਚਿਤਾਵਨੀ ਵੀ ਦਿੱਤੀ ਹੈ ਕਿ ਵੱਡੀ ਗਿਣਤੀ ਵਿੱਚ ਕੰਮ ਸ਼ੁਰੂ ਕਰਨ ਸਮੇਂ ਕੁਆਲਿਟੀ ਤੇ ਮਾਪਦੰਡਾਂ ਦਾ ਖਿਆਲ ਰੱਖਿਆ ਜਾਵੇ। ਇਸ ਸਬੰਧੀ ਵਰਤੀ ਲਾਪ੍ਰਵਾਹੀ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।