ਖੇਤਰੀ ਪ੍ਰਤੀਨਿਧ
ਲੁਧਿਆਣਾ, 29 ਅਕਤੂਬਰ
ਨਵਚੇਤਨਾ ਬਾਲ ਭਲਾਈ ਕਮੇਟੀ ਦੇ ਆਰਟਿਸਟ ਵਿੰਗ ਦੀ ਅਹਿਮ ਮੀਟਿੰਗ ਪ੍ਰਧਾਨ ਸੋਨੀਆ ਕੁਮਾਰ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਆਰਟਿਸਟ ਗੋਪਾਲ ਕ੍ਰਿਸ਼ਨ, ਹਰੀ ਮੋਹਨ ਅਤੇ ਸੁਖਵਿੰਦਰ ਸਿੰਘ ਮੌਜੂਦ ਰਹੇ। ਕਮੇਟੀ ਪ੍ਰਧਾਨ ਸੁਖਧੀਰ ਸਿੰਘ ਸੇਖੋਂ ਨੇ ਦੱਸਿਆ ਕਿ ਸੀਨੀਅਰ ਆਰਟਿਸਟ ਅਮਰ ਸਿੰਘ ਵੱਲੋਂ ਪੇਂਟਿੰਗ ਰਾਹੀਂ ਪਟਾਕਿਆਂ ਨਾਲ ਵਾਤਾਵਰਨ ਨੂੰ ਹੁੰਦੇ ਨੁਕਸਾਨ ਨੂੰ ਬਾਖੂਬੀ ਦਰਸਾਇਆ ਅਤੇ ਪਟਾਕੇ ਨਾ ਚਲਾ ਕੇ ਗਰੀਨ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ ਗਿਆ ਹੈ। ਆਰਟਿਸਟ ਅਮਰ ਸਿੰਘ ਨੇ ਦੱਸਿਆ ਕਿ ਦੀਵਾਲੀ ਖੁਸ਼ੀਆਂ ਅਤੇ ਰੌਸ਼ਨੀਆਂ ਦਾ ਤਿਓਹਾਰ ਹੈ, ਜੋ ਪਟਾਕਿਆਂ ਤੱਕ ਹੀ ਸੀਮਿਤ ਹੁੰਦਾ ਜਾ ਰਿਹਾ ਹੈ ਜਦਕਿ ਪਟਾਕਾ ਰਹਿਤ ਗਰੀਨ ਦੀਵਾਲੀ ਮਨਾਉਣਾ ਸਮੇਂ ਦੀ ਲੋੜ ਹੈ। ਸੇਖੋਂ ਅਤੇ ਸੋਨੀਆ ਕੁਮਾਰ ਨੇ ਦੱਸਿਆ ਕਿ ਇਹ ਪੇਂਟਿੰਗ ਨੂੂੰ ਜਨਤਕ ਥਾਵਾਂ ’ਤੇ ਲਾ ਕੇ ਗ੍ਰੀਨ ਦੀਵਾਲੀ ਦਾ ਸੁਨੇਹਾ ਦਿੱਤਾ ਜਾਵੇਗਾ।