ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 20 ਸਤੰਬਰ
ਸ੍ਰੀਨਗਰ ਅਤੇ ਕਸ਼ਮੀਰ ਦੇ ਸਰਹੱਦੀ ਇਲਾਕੇ ’ਚੋਂ ਹੈਰੋਇਨ ਲਿਆ ਕੇ ਸ਼ਹਿਰ ’ਚ ਸਪਲਾਈ ਕਰਨ ਵਾਲੇ ਇੱਕ ਮੁਲਜ਼ਮ ਨੂੰ ਐਂਟੀ-ਨਾਰਕੋਟਿਕਸ ਵਿਭਾਗ ਦੀ ਟੀਮ ਨੇ ਕਾਬੂ ਕੀਤਾ ਹੈ। ਪੁਲੀਸ ਨੇ ਮੁਲਜ਼ਮ ਨੂੰ ਉਸ ਸਮੇਂ ਕਾਬੂ ਕੀਤਾ ਜਦੋਂ ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਮੈਟਰੋ ਟਾਈਰ ਕੱਟ ਕੋਲੋਂ ਲੰਘ ਰਿਹਾ ਸੀ। ਪੁਲੀਸ ਨੇ ਮੁਲਜ਼ਮ ਨੂੰ ਨਾਕਾਬੰਦੀ ਦੌਰਾਨ ਰੋਕ ਕੇ ਉਸਦੇ ਕਬਜ਼ੇ ’ਚੋਂ 120 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸ ਮਾਮਲੇ ’ਚ ਥਾਣਾ ਸਲੇਮ ਟਾਬਰੀ ਪੁਲੀਸ ਨੇ ਪਿੰਡ ਤਲਵੰਡੀ ਕਲਾਂ ਦੇ ਮੁਹੱਲਾ ਪੰਜ ਢੇਰੀ ਵਾਸੀ ਬਲਵਿੰਦਰ ਸਿੰਘ ਉਰਫ਼ ਪਰਵਿੰਦਰ ਦੇ ਖਿਲ਼ਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ 2 ਦਿਨਾ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਏਡੀਸੀਪੀ ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਐਂਟੀ ਨਾਰਕੋਟਿਕਸ ਵਿਭਾਗ-1 ਦੇ ਇੰਚਾਰਜ ਇੰਸਪੈਕਟਰ ਸਤਵੰਤ ਸਿੰਘ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਹੈਰੋਇਨ ਤਸਕਰੀ ਦਾ ਧੰਦਾ ਕਰਦਾ ਹੈ। ਨਾਕਾਬੰਦੀ ਦੌਰਾਨ ਮੁਲਜ਼ਮ ਨੂੰ ਕਾਬੂ ਕਰ ਉਸਦੇ ਕਬਜ਼ੇ ’ਚੋਂ ਹੈਰੋਇਨ ਵੀ ਬਰਾਮਦ ਕੀਤੀ ਗਈ ਅਤੇ ਤਸਕਰੀ ਦੇ ਧੰਦੇ ’ਚ ਇਸਤੇਮਾਲ ਕੀਤੇ ਜਾਣ ਵਾਲਾ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਪੁਲੀਸ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਮੁਲਜ਼ਮ ਪਹਿਲਾਂ ਮਜ਼ਦੂਰੀ ਕਰਦਾ ਸੀ ਜੋ ਵੱਧ ਪੈਸੇ ਕਮਾਉਣ ਦੇ ਚੱਕਰ ’ਚ ਇਸ ਕੰਮ ’ਚ ਲੱਗ ਗਿਆ।
ਨਸ਼ੀਲੇ ਪਾਊਡਰ ਸਮੇਤ ਚਾਰ ਜਣੇ ਗ੍ਰਿਫ਼ਤਾਰ
ਲੁਧਿਆਣਾ: ਪੁਲੀਸ ਨੇ ਇੱਕ ਔਰਤ ਸਮੇਤ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰ ਕੇ ਭਾਰੀ ਮਾਤਰਾ ਵਿੱਚ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। ਥਾਣਾ ਫੋਕਲ ਪੁਆਇੰਟ ਦੇ ਥਾਣੇਦਾਰ ਮੰਗਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਖੈਬਰ ਚੌਕ ਨੇੜੇ ਗਸ਼ਤ ਕਰ ਰਹੀ ਸੀ ਕਿ ਇਓਨ ਕਾਰ ’ਤੇ ਆ ਰਹੇ ਗੌਰਵ ਕੁਮਾਰ ਯਾਦਵ ਵਾਸੀ ਦਸਮੇਸ਼ ਮਾਰਕੀਟ ਢੰਡਾਰੀ ਅਤੇ ਸਲੋਨੀ ਵਾਸੀ ਢੰਡਾਰੀ ਖੁਰਦ ਨੂੰ ਸ਼ੱਕ ਦੇ ਆਧਾਰ ’ਤੇ ਰੋਕਕੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ 25 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਥਾਣਾ ਸਲੇਮ ਟਾਬਰੀ ਦੇ ਸਬ-ਇੰਸਪੈਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਜੀਐੱਮਟੀ ਸਕੂਲ ਜਲੰਧਰ ਬਾਈਪਾਸ ਨੇੜੇ ਗਸ਼ਤ ਕਰ ਰਹੀ ਸੀ ਤਾਂ ਦਾਣਾ ਮੰਡੀ ਦੇ ਸ਼ੈਡ ਕੋਲੋਂ ਘਨ੍ਹੱਈਆ ਲਾਲ ਵਾਸੀ ਵਿਜੇ ਨਗਰ ਅਤੇ ਕੇਵਲ ਕ੍ਰਿਸ਼ਨ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰ ਕੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ 10 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। -ਨਿੱਜੀ ਪੱਤਰ ਪ੍ਰੇਰਕ