ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 25 ਅਗਸਤ
ਰਾਜਸਥਾਨ ਦੇ ਵੱਖ-ਵੱਖ ਸ਼ਹਿਰਾਂ ’ਚੋਂ ਅਫ਼ੀਮ ਲਿਆ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਸਪਲਾਈ ਕਰਨ ਵਾਲੇ ਮੁਲਜ਼ਮ ਨੂੰ ਥਾਣਾ ਸਦਰ ਦੀ ਪੁਲੀਸ ਨੇ ਕਾਬੂ ਕੀਤਾ ਹੈ। ਪੁਲੀਸ ਨੇ ਮੁਲਜ਼ਮ ਨੂੰ ਉਸ ਸਮੇਂ ਕਾਬੂ ਕੀਤਾ, ਜਦੋਂ ਉਹ ਲਲਤੋ ਚੌਕ ਕੋਲ ਕਿਸੇ ਨੂੰ ਅਫ਼ੀਮ ਸਪਲਾਈ ਕਰਨ ਜਾ ਰਿਹਾ ਸੀ। ਮੁਲਜ਼ਮ ਦੇ ਕਬਜ਼ੇ ’ਚੋਂ ਪੁਲੀਸ ਨੇ 2 ਕਿੱਲੋ 600 ਗ੍ਰਾਮ ਅਫ਼ੀਮ ਬਰਾਮਦ ਕੀਤੀ ਹੈ। ਇਸ ਮਾਮਲੇ ’ਚ ਥਾਣਾ ਸਦਰ ਦੀ ਪੁਲੀਸ ਨੇ ਰਾਜਸਥਾਨ ਦੇ ਜ਼ਿਲ੍ਹਾ ਝਾਲਾਵਾੜ ਪਿੰਡ ਖਮਲਾ ਵਾਸੀ ਕਾਲੂ ਸਿੰਘ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਕੇ 2 ਦਿਨਾਂ ਰਿਮਾਂਡ ’ਤੇ ਲੈ ਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ। ਏਡੀਸੀਪੀ-2 ਸੋਹੇਲ ਕਾਸਿਮ ਮੀਰ ਨੇ ਦੱਸਿਆ ਕਿ ਥਾਣਾ ਸਦਰ ਦੀ ਪੁਲੀਸ ਨੇ ਲਲਤੋਂ ਚੌਕ ਕੋਲ ਨਾਕਾ ਲਾਇਆ ਹੋਇਆ ਸੀ। ਇਸੇ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਰਾਜਸਥਾਨ ਤੋਂ ਅਫ਼ੀਮ ਲਿਆ ਕੇ ਸਨਅਤੀ ਸ਼ਹਿਰ ’ਚ ਸਪਲਾਈ ਕਰਦਾ ਹੈ। ਮੁਲਜ਼ਮ ਨਾਕਾ ਦੇਖ ਕੇ ਪਿੱਛੇ ਮੁੜ ਗਿਆ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ’ਚੋਂ ਅਫ਼ੀਮ ਬਰਾਮਦ ਕੀਤੀ ਗਈ। ਪੁਲੀਸ ਪੁੱਛਗਿਛ ਦੌਰਾਨ ਪਤਾ ਲੱਗਿਆ ਕਿ ਮੁਲਜ਼ਮ ਰਾਜਸਥਾਨ ਦੇ ਵੱਖ-ਵੱਖ ਇਲਾਕਿਆਂ ’ਚ ਅਫ਼ੀਮ ਲਿਆ ਕੇ ਮਹਾਂਨਗਰ ’ਚ ਸਪਲਾਈ ਕਰਦਾ ਹੈ। ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਤਸਕਰੀ ਦਾ ਕੇਸ ਦਰਜ ਹੈ ਤੇ ਉਹ ਕੁਝ ਸਮੇਂ ਪਹਿਲਾਂ ਹੀ ਜ਼ਮਾਨਤ ’ਤੇ ਬਾਹਰ ਆਇਆ ਹੈ। ਜੇਲ੍ਹ ’ਚੋਂ ਜ਼ਮਾਨਤ ’ਤੇ ਬਾਹਰ ਆਉਣ ਤੋਂ ਬਾਅਦ ਮੁਲਜ਼ਮ ਫਿਰ ਬਾਹਰੀ ਇਲਾਕਿਆਂ ’ਚ ਅਫ਼ੀਮ ਦੀ ਖੇਪ ਲਿਆ ਕੇ ਸਪਲਾਈ ਕਰਨ ਲੱਗਿਆ।
ਔਰਤ ਸਮੇਤ ਤਿੰਨ ਜਣੇ ਲੱਖਾਂ ਰੁਪਏ ਦੀ ਹੈਰੋਇਨ ਸਣੇ ਗ੍ਰਿਫ਼ਤਾਰ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਇੱਕ ਔਰਤ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਲੱਖਾਂ ਰੁਪਏ ਦੇ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ। ਥਾਣਾ ਡਿਵੀਜ਼ਨ ਨੰਬਰ ਅੱਠ ਦੇ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਸੈਸ਼ਨ ਚੌਕ ਤੋਂ ਦਮੋਰੀਆ ਪੁੱਲ ਵੱਲ ਗਸ਼ਤ ਕਰ ਰਹੀ ਸੀ ਤਾਂ ਐਕਟਿਵਾ ਸਕੂਟਰ ’ਤੇ ਆ ਰਹੇ ਕਰਨ ਕੁਮਾਰ ਵਾਸੀ ਫਿਰੋਜ਼ਪਰ ਅਤੇ ਰੁਚਿਕਾ ਰਾਣੀ ਵਾਸੀ ਭੁੱਲਰ ਐਨਕਲੇਵ ਜੱਸੀਆਂ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 10 ਗ੍ਰਾਮ ਹੈਰੋਇਨ ਅਤੇ 17 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ ਦੋ ਦੇ ਥਾਣੇਦਾਰ ਕੁਲਵੰਤ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਚੀਮਾ ਚੌਕ ਨੇੜੇ ਸੂਫ਼ੀਆਂ ਰੋਡ ਵਿੱਖੇ ਮੌਜੂਦ ਸੀ ਤਾਂ ਮੋਟਰਸਾਇਕਲ ’ਤੇ ਆ ਰਹੇ ਸੋਨੂੰ ਵਾਸੀ ਡਾ. ਅੰਬੇਡਕਰ ਨਗਰ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ।