ਪੱਤਰ ਪ੍ਰੇਰਕ
ਮਾਛੀਵਾੜਾ, 6 ਨਵੰਬਰ
ਇੱਥੇ ਅਨਾਜ ਮੰਡੀ ’ਚ ਅੱਜ ਝੋਨੇ ਦੀ ਖਰੀਦ ਦਾ ਕੰਮ ਠੱਪ ਰਿਹਾ ਅਤੇ ਜਦੋਂ ਐੱਫਸੀਆਈ ਮੰਡੀ ’ਚ ਖਰੀਦ ਕਰਨ ਗਈ ਤਾਂ ਆੜ੍ਹਤੀਆਂ ਵੱਲੋਂ ਏਜੰਸੀ ਦੇ ਬਾਈਕਾਟ ਕਾਰਨ ਅਧਿਕਾਰੀਆਂ ਨੂੰ ਫਿਰ ਬੇਰੰਗ ਮੋੜ ਦਿੱਤਾ। ਮਾਛੀਵਾੜਾ ਅਨਾਜ ਮੰਡੀ ’ਚ ਪਨਗ੍ਰੇਨ, ਵੇਅਰਹਾਊਸ ਅਤੇ ਮਾਰਕਫੈੱਡ ਵੱਲੋਂ ਫਸਲ ਦੀ ਖਰੀਦ ਕੀਤੀ ਜਾ ਰਹੀ ਸੀ ਕਿ ਕੱਲ੍ਹ ਅਚਨਚੇਤ ਉੱਚ ਅਧਿਕਾਰੀਆਂ ਨੇ ਨਿਰਦੇਸ਼ ਦਿੱਤੇ ਕਿ ਕੇਵਲ ਐੱਫਸੀਆਈ ਹੀ ਫਸਲ ਖਰੀਦ ਕਰੇਗੀ। ਮਾਛੀਵਾੜਾ ਅਨਾਜ ਮੰਡੀ ਦੇ ਆੜ੍ਹਤੀਆਂ ਤੇ ਐੱਫਸੀਆਈ ਵਿਚਕਾਰ ਪਿਛਲੇ ਸਾਲ ਦੇ ਕਣਕ ਸੀਜ਼ਨ ਤੋਂ ਰੇੜਕਾ ਚੱਲਿਆ ਆ ਰਿਹਾ ਹੈ ਅਤੇ ਉਨ੍ਹਾਂ ਪੱਤਰ ਲਿਖ ਕੇ ਸਪੱਸ਼ਟ ਕਰ ਦਿੱਤਾ ਸੀ ਕਿ ਜਦੋਂ ਤੱਕ ਇਹ ਏਜੰਸੀ ਉਨ੍ਹਾਂ ਦਾ 19 ਲੱਖ ਰੁਪਏ ਲੇਬਰ ਤੇ ਕਮਿਸ਼ਨ ਦਾ ਬਕਾਇਆ ਨਹੀਂ ਦਿੰਦੀ ਉਦੋਂ ਤੱਕ ਉਹ ਫਸਲ ਦੀ ਖਰੀਦ ਨਹੀਂ ਕਰਨ ਦੇਣਗੇ। ਐੱਫਸੀਆਈ ਏਜੰਸੀ ਦੇ ਅਧਿਕਾਰੀ ਮਰਤਿੰਜੇ ਚੌਧਰੀ ਨੇ ਦੱਸਿਆ ਕਿ ਅੱਜ ਉਹ ਮਾਛੀਵਾੜਾ ਮੰਡੀ ’ਚ ਖਰੀਦ ਕਰਨ ਗਏ ਸਨ ਪਰ ਆੜ੍ਹਤੀਆਂ ਨੇ ਬਾਈਕਾਟ ਕੀਤਾ ਹੋਣ ਕਾਰਣ ਉਹ ਖਰੀਦ ਸ਼ੁਰੂ ਨਹੀਂ ਕਰ ਸਕੇ। ਉਨ੍ਹਾਂ ਦੱਸਿਆ ਕਿ ਐੱਫਸੀਆਈ ਵਿਭਾਗ ਕੋਲ ਫਸਲ ਖਰੀਦ ਦੇ ਪੁਖਤਾ ਪ੍ਰਬੰਧ ਹਨ ਅਤੇ ਇਸ ਸਬੰਧੀ ਉਨ੍ਹਾਂ ਮਾਰਕੀਟ ਕਮੇਟੀ ਤੇ ਖੁਰਾਕ ਸਪਲਾਈ ਵਿਭਾਗ ਨੂੰ ਲਿਖਤੀ ਪੱਤਰ ਭੇਜ ਕੇ ਜਾਣਕਾਰੀ ਦੇ ਦਿੱਤੀ ਹੈ ਕਿ ਅੱਜ ਆੜ੍ਹਤੀਆਂ ਦੇ ਬਾਈਕਾਟ ਕਾਰਨ ਖਰੀਦ ਨਹੀਂ ਹੋ ਸਕੀ।
ਖਰੀਦ ਨਾ ਹੋਣ ’ਤੇ ਆੜ੍ਹਤੀਆਂ ਵੱਲੋਂ ਚੱਕਾ ਜਾਮ ਦੀ ਚਿਤਾਵਨੀ
ਆੜ੍ਹਤੀ ਐਸੋਸੀਏਸ਼ਨ ਦੇ ਆਗੂ ਹਰਜਿੰਦਰ ਸਿੰਘ ਖੇੜਾ ਨੇ ਕਿਹਾ ਕਿ ਐੱਫਸੀਆਈ ਜਦੋਂ ਤੱਕ ਆੜ੍ਹਤੀਆਂ ਦਾ 19 ਲੱਖ ਰੁਪਏ ਬਕਾਇਆ ਨਹੀਂ ਦਿੰਦੀ ਉਦੋਂ ਤੱਕ ਉਹ ਇਸ ਏਜੰਸੀ ਨੂੰ ਮੰਡੀ ’ਚੋਂ ਝੋਨੇ ਦੀ ਖਰੀਦ ਨਹੀਂ ਕਰਨ ਦੇਣਗੇ। ਉਨ੍ਹਾਂ ਕਿਹਾ ਕਿ ਮਾਛੀਵਾੜਾ ਅਨਾਜ ਮੰਡੀ ’ਚ ਝੋਨੇ ਦੀ ਖਰੀਦ ਦਾ 90 ਫ਼ੀਸਦੀ ਕੰਮ ਬੜੇ ਸੁਚੱਜੇ ਢੰਗ ਨਾਲ ਨਿਪਟ ਚੁੱਕਾ ਹੈ ਅਤੇ ਅੰਤ ’ਚ ਆ ਕੇ ਹੁਣ ਆੜ੍ਹਤੀਆਂ ਤੇ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਦੀ ਬਜਾਏ ਸਰਕਾਰ ਪਹਿਲਾਂ ਖਰੀਦ ਕਰ ਰਹੀਆਂ ਏਜੰਸੀਆਂ ਪਨਗ੍ਰੇਨ, ਵੇਅਰਹਾਊਸ ਤੇ ਮਾਰਕਫੈੱਡ ਨੂੰ ਹੀ ਖਰੀਦ ਦੇ ਅਧਿਕਾਰ ਦੇਵੇ। ਆੜ੍ਹਤੀ ਆਗੂ ਨੇ ਕਿਹਾ ਕਿ ਜੇ 7 ਨਵੰਬਰ ਨੂੰ 11 ਵਜੇ ਤੱਕ ਫਸਲ ਖਰੀਦ ਦਾ ਕੰਮ ਸ਼ੁਰੂ ਨਾ ਹੋਇਆ ਤਾਂ ਉਹ ਕਿਸਾਨਾਂ ਨੂੰ ਨਾਲ ਲੈ ਕੇ ਚੱਕਾ ਜਾਮ ਕਰਨ ਲਈ ਮਜਬੂਰ ਹੋਣਗੇ।