ਖੇਤਰੀ ਪ੍ਰਤੀਨਿਧ
ਲੁਧਿਆਣਾ, 28 ਫਰਵਰੀ
ਭਾਰਤ ਜਨ ਗਿਆਨ ਵਿਗਿਆਨ ਜਥਾ (ਭਾਜਗਵਿਜ) ਜ਼ਿਲ੍ਹਾ ਲੁਧਿਆਣਾ ਵੱਲੋਂ ਅੱਜ ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਪੀਏਯੂ ਵਿੱਚ ਕੌਮੀ ਵਿਗਿਆਨ ਦਿਵਸ ਮਨਾਇਆ ਗਿਆ। ਇਸ ਮੌਕੇ ਜਨਰਲ ਸਕੱਤਰ ਡਾ.ਅਰੁਣ ਮਿੱਤਰਾ ਨੇ ਕਿਹਾ ਵਿਗਿਆਨ ਦੀਆਂ ਖੋਜਾਂ ਦੇ ਬਾਵਜੂਦ ਬਹੁਤ ਸਾਰੇ ਲੋਕ ਵਹਿਮਾਂ ਭਰਮਾਂ ਦਾ ਸਹਾਰਾ ਲੈ ਰਹੇ ਹਨ। ਪ੍ਰਧਾਨ ਰਣਜੀਤ ਸਿੰਘ ਨੇ ਕਿਹਾ ਕਿ ਇਹ ਦਿਨ ਦੇਸ਼ ਦੇ ਮਹਾਨ ਵਿਗਿਆਨੀ ਸੀਵੀ ਰਮਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ , ਜਿਨ੍ਹਾਂ ਨੂੰ ਆਪਣੀ ਖੋਜ ‘ਰਮਨ ਪ੍ਰਭਾਵ ‘ ਲਈ ਨੋਬੇਲ ਪੁਰਸਕਾਰ ਮਿਲਿਆ ਸੀ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਘਰ ਪਰਿਵਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬੱਚੇ ਵਿੱਚ ਵਿਗਿਆਨਕ ਨਜ਼ਰੀਆ ਵਿਕਸਤ ਕਰੇ , ਉਸ ਤੋਂ ਬਾਅਦ ਸਕੂਲ ਅਤੇ ਸਮਾਜ ਦਾ ਇਹ ਫਰਜ਼ ਬਣਦਾ ਹੈ। ਇਸ ਮੌਕੇ ਡਾ. ਗਗਨਦੀਪ ਸਿੰਘ, ਸਕੱਤਰ ਕੁਸਮ ਲਤਾ ਤੇ ਜਥੇਬੰਧਕ ਸਕੱਤਰ ਐੱਮਐੱਸ ਭਾਟੀਆ ਨੇ ਸੰਬੋਧਨ ਕੀਤਾ। ਇਸ ਮੌਕੇ ਸਕੂਲ ਦੇ ਨੌਵੀਂ ਤੋ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਵਿੱਚ ਪੋਸਟਰ ਬਣਾਉਣ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। । ਪੋਸਟਰ ਬਣਾਉਣ ਵਿਚ ਰਿਸ਼ੀ ਅੱਵਲ, ਰਿਧਮ ਦੋਇਮ ਅਤੇ ਰੇਹਨ ਤੀਜੇ ਸਥਾਨ ’ਤੇ ਰਹੀ । ਭਾਸ਼ਣ ਮੁਕਾਬਲੇ ਵਿੱਚ ਪਹਿਲੇ ਸਥਾਨ ’ਤੇ ਵੰਸ਼ਿਤਾ, ਦੂਸਰੇ ’ਤੇ ਨਿਤਿਕਾ ਅਤੇ ਤੀਸਰੇ ’ਤੇ ਹਰਲੀਨ ਰਹੀਆਂ । ਜੇਤੂਆਂ ਨੂੰ ਜੱਥੇ ਵੱਲੋਂ ਇਨਾਮ ਵੰਡੇ ਗਏ। ਪ੍ਰੋਗਰਾਮ ਦੇ ਸ਼ੁਰੂ ਵਿਚ ਸਕੂਲ ਦੇ ਪ੍ਰਿੰਸੀਪਲ ਬਲਵਿੰਦਰ ਕੌਰ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ।
ਖੰਨਾ (ਨਿੱਜੀ ਪੱਤਰ ਪ੍ਰੇਰਕ): ਗੁਲਜ਼ਾਰ ਗਰੁੱਪ ਆਫ਼ ਇੰਸਟਿਚਿਊਸ਼ਨਜ ਵਿੱਚ ਰਾਸ਼ਟਰੀ ਸਾਇੰਸ ਦਿਵਸ ਦਾ ਮਨਾਇਆ ਗਿਆ। ਇਸ ਵਿਚ ਵਿਦਿਆਰਥੀਆਂ ਦੇ ਸਾਇੰਸ ਰੋਬਟਿਕਸ ਦੇ ਮਾਡਲਾਂ, ਸਾਇੰਸ ਵਿਸ਼ੇ ਤੇ ਪੇਂਟਿੰਗ, ਪੋਸਟਰ ਬਣਾਉਣ ਅਤੇ ਵੱਖ ਵੱਖ ਪ੍ਰਾਜੈਕਟਾਂ ਦੇ ਮੁਕਾਬਲੇ ਕਰਵਾਏ ਗਏ। ਇਸ ਦੇ ਨਾਲ ਹੀ ਵਿਦਿਆਰਥੀਆਂ ਦੇ ਲੈਨ ਗੇਮਿੰਗ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਕਾਲਜ ਦੇ ਚੇਅਰਮੈਨ ਗੁਰਚਰਨ ਸਿੰਘ ਨੇ ਕਿਹਾ ਕਿ ਬੇਸ਼ੱਕ ਸਾਇੰਸ ਸਾਡੀ ਜ਼ਿੰਦਗੀ ਵਿਚ ਬਹੁਤ ਅਹਿਮ ਹਿੱਸਾ ਰੱਖਦੀ ਹੈ।
ਮੁਕਾਬਲਿਆਂ ’ਚ ਸ਼ੁਭਮ ਨਾਰੰਗ ਅੱਵਲ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਸਥਾਨਕ ਲਾਜਪਤ ਰਾਏ ਡੀਏਵੀ ਕਾਲਜ ਵਿੱਚ ਅੱਜ ਰਾਸ਼ਟਰੀ ਵਿਗਿਆਨ ਦਿਵਸ ਨੂੰ ਸਮਰਪਿਤ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਕਾਲਜ ਦੇ ਕੰਪਿਊਟਰ ਵਿਭਾਗ ਦੇ ਸਹਿਯੋਗ ਨਾਲ ਵਿਗਿਆਨ ਵਿਭਾਗ ਨੇ ਇਹ ਮੁਕਾਬਲੇ ਨੋਬਲ ਪੁਰਸਕਾਰ ਜੇਤੂ ਸੀਵੀ ਰਮਨ ਦੀ ਯਾਦ ’ਚ ਵਿਗਿਆਨ ਦੇ ਮਹੱਤਵ ਬਾਰੇ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਕਰਵਾਏ। ਕਾਲਜ ਦੇ ਸਾਬਕਾ ਵਿਦਿਆਰਥੀ ਸਾਇੰਸ ਅਧਿਆਪਕ ਸੁਖਵਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋ. ਸਾਹਿਲ ਬਾਂਸਲ ਨੇ ਸਵਾਗਤੀ ਭਾਸ਼ਣ ਦਿੱਤਾ। ਕਾਲਜ ਦੇ ਪ੍ਰਿੰਸੀਪਲ ਡਾ. ਅਨੁਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਮੁਕਾਬਲਿਆਂ ’ਚ ਸ਼ੁਭਮ ਨਾਰੰਗ ਨੇ ਪਹਿਲਾ ਅਤੇ ਹਰਲਵਪ੍ਰੀਤ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਲੜਕੀਆਂ ’ਚੋਂ ਹਰਮਨਪ੍ਰੀਤ ਕੌਰ ਤੇ ਪਵਨਦੀਪ ਕੌਰ ਨੇ ਪਹਿਲਾ ਜਦਕਿ ਸਾਨੀਆ ਤੇ ਮੁਸਕਾਨਦੀਪ ਨੇ ਸਾਂਝੇ ਤੌਰ ’ਤੇ ਦੂਜਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ’ਚ ਮਨਿੰਦਰ ਕੌਰ ਤੀਜੇ ਸਥਾਨ ’ਤੇ ਰਹੀ।