ਪੱਤਰ ਪ੍ਰੇਰਕ
ਸਮਰਾਲਾ, 26 ਅਪਰੈਲ
ਐਂਟੀ ਕਰਾਇਮ ਐਂਡ ਕੁਰੱਪਸ਼ਨ ਸਕੁਐਡ ਪੰਜਾਬ ਦੇ ਵਰਕਿੰਗ ਪ੍ਰਧਾਨ ਰਾਕੇਸ਼ ਕਲਿਆਣ, ਵਿਮੈਨ ਸੈੱਲ ਪੰਜਾਬ ਦੇ ਪ੍ਰਧਾਨ ਡਿੰਪਲ ਰਾਣੀ ਅਤੇ ਰਵੀ ਸ਼ੰਕਰ ਦੀ ਅਗਵਾਈ ਹੇਠ ਵਫਦ ਨੇ ਪੁਲੀਸ ਜ਼ਿਲ੍ਹਾ ਖੰਨਾ ਦੇ ਐਸ. ਐਸ. ਪੀ. ਰਵੀ ਕੁਮਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਜ਼ਿਲ੍ਹੇ ਵਿੱਚ ਵੱਧ ਰਿਹਾ ਭ੍ਰਿਸ਼ਟਾਚਾਰ, ਨਸ਼ਿਆਂ ਪ੍ਰਤੀ ਵੱਧ ਰਿਹਾ ਰੁਝਾਨ, ਬੱਚਿਆਂ ਪ੍ਰਤੀ ਹੋ ਰਹੀਆਂ ਹਿੰਸਕ ਘਟਨਾਵਾਂ, ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਆਦਿ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਸਰਕਾਰੀ ਦਫਤਰਾਂ ਵਿੱਚ ਫੈਲ ਰਹੇ ਭ੍ਰਿਸ਼ਟਾਚਾਰ ਸਬੰਧੀ ਸਖਤ ਕਦਮ ਚੁੱਕਣ ਸਬੰਧੀ ਵੀ ਚਰਚਾ ਕੀਤੀ ਗਈ। ਸੰਸਥਾ ਵੱਲੋਂ ਐਸ.ਐਸ.ਪੀ. ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਉਨ੍ਹਾਂ ਦੀ ਸੰਸਥਾ ਪੁਲੀਸ ਨਾਲ ਹਰੇਕ ਤਰ੍ਹਾਂ ਦਾ ਸਹਿਯੋਗ ਕਰਨ ਲਈ ਤਿਆਰ ਹੈ। ਮੁਲਾਕਾਤ ਕਰਨ ਮੌਕੇ ਸੁਰਿੰਦਰ ਸਹੋਤ, ਪ੍ਰਗਟ ਸਿੰਘ, ਰਵੀ ਬਾਲੂ ਹਾਜ਼ਰ ਸਨ।
ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਤੇਜ਼ ਕਰਨ ਦਾ ਫੈਸਲਾ
ਲੁਧਿਆਣਾ (ਖੇਤਰੀ ਪ੍ਰਤੀਨਿਧ): ਮਹਾਂ ਸਭਾ ਲੁਧਿਆਣਾ ਦੀ ਮੀਟਿੰਗ ਕਰਨਲ ਜੇ ਐਸ ਬਰਾੜ ਦੀ ਪ੍ਰਧਾਨਗੀ ਹੇਠ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਵਿਖੇ ਹੋਈ। ਸਭਾ ਦੇ ਜਨਰਲ ਸਕੱਤਰ ਜਸਵੰਤ ਜੀਰਖ ਨੇ ਦੱਸਿਆ ਕਿ ਲੁਧਿਆਣੇ ਦੇ ਭ੍ਰਿਸ਼ਟ ਅਤੇ ਲੋਕ ਵਿਰੋਧੀ ਸਿਆਸਤਦਾਨਾਂ ਸਮੇਤ ਉਹਨਾਂ ਦੇ ਭਾਈਵਾਲਾਂ ਵਲੋਂ ਲੋਕ ਸੇਵਾ ਦੇ ਨਾਂ ਹੇਠ ਕੀਤੇ ਜਾ ਰਹੇ ਧੋਖੇ ਤੇ ਬੇਈਮਾਨੀਆਂ ਨੂੰ ਨੰਗਾ ਕਰਨ ਲਈ ਸਰਗਰਮੀਆਂ ਤੇਜ਼ ਕਰਨ ਬਾਰੇ ਮੀਟਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਕਈ ਸਿਆਸਤਦਾਨਾਂ ਦੇ ਕਬਜ਼ੇ ਹੇਠ ਕਈ ਸਰਕਾਰੀ ਜ਼ਮੀਨਾਂ ਉੱਪਰੋਂ ਨਾਜਾਇਜ਼ ਕਬਜ਼ੇ ਛੁਡਵਾ ਕੇ ਲੋਕ ਹਿੱਤਾਂ ਲਈ ਵਰਤਣ ਦੇ ਕਾਰਜ ਕਰ ਚੁੱਕੀ ਹੈ। ਇਸ ਮੋਕੇ ਸਭਾ ਦੇ ਮੈਂਬਰਾਂ ਨੂੰ ਵੱਖ ਵੱਖ ਜ਼ਿੰਮੇਵਾਰੀਆਂ ਦੇ ਕੇ ਸੰਸਥਾ ਨੂੰ ਹੋਰ ਮਜ਼ਬੂਤ ਕਰਨ ਲਈ ਯਤਨ ਤੇਜ਼ ਕਰਨ ਦੇ ਪ੍ਰੋਗਰਾਮ ਦਾ ਸਰਬਸੰਮਤੀ ਨਾਲ ਸਮਰਥਨ ਕੀਤਾ ਗਿਆ।