ਪੱਤਰ ਪ੍ਰੇਰਕ
ਪਾਇਲ, 13 ਜੂਨ
ਸਰਹਿੰਦ ਫੀਡਰ ਤੇ ਪਿੰਡ ਜਰਗੜੀ ਦੇ ਨਜ਼ਦੀਕ ਲਸਾੜਾ ਸਾਈਫ਼ਨ ਦੀ 52 ਸਾਲ ਬੀਤਣ ’ਤੇ ਵੀ ਮਹਿਕਮੇ ਵੱਲੋਂ ਸਫ਼ਾਈ ਨਹੀਂ ਕੀਤੀ ਗਈ। ਇਸ ਡਰੇਨ ਦਾ ਇੱਕ ਕਿਨਾਰਾ ਵੀ ਖ਼ਤਮ ਹੋ ਗਿਆ ਹੈ ਜਿਸ ਕਰ ਕੇ ਗੰਦਾ ਪਾਣੀ ਜੰਗਲਾਤ ਵਿਭਾਗ ਦੇ ਰੁੱਖਾਂ ਵਿੱਚ ਜਾ ਵੜਦਾ ਹੈ। ਇਸ ਕਾਰਨ ਰੁੱਖ ਸੁੱਕ ਰਹੇ ਹਨ।
ਇਸ ਸਬੰਧੀ ਸਮਾਜ ਸੇਵੀ ਅਵਤਾਰ ਸਿੰਘ ਜਰਗੜੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ 14 ਮਾਰਚ 2022 ਨੂੰ ਐਕਸੀਅਨ ਸੰਗਰੂਰ ਨੂੰ ਇੱਕ ਲਿਖਤੀ ਦਰਖ਼ਾਸਤ ਦਿੱਤੀ ਗਈ ਸੀ। ਇਸ ਵਿੱਚ ਲਸਾੜਾ ਸਾਈਫ਼ਨ ਦੀ ਸਫ਼ਾਈ ਸਬੰਧੀ ਮੰਗ ਕੀਤੀ ਗਈ ਸੀ, ਪਰ ਤਿੰਨ ਮਹੀਨੇ ਬੀਤ ਜਾਣ ’ਤੇ ਵੀ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਡਰੇਨ ਦੇ ਇੱਕ ਕਿਨਾਰੇ ’ਤੇ ਬੰਨ੍ਹ ਹੀ ਨਹੀਂ ਹੈ। ਇਸ ਨੂੰ ਬਣਾਉਣ ਲਈ ਮਹਿਕਮੇ ਨੇ ਕੋਈ ਉਪਰਾਲਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮਹਿਕਮੇ ਦੀ ਅਣਗਹਿਲੀ ਕਾਰਨ ਜੰਗਲਾਤ ਵਿਭਾਗ ਦੇ ਦਰੱਖਤ ਸੁੱਕਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ ਅਤੇ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ। ਇੱਥੇ ਇਹ ਵੀ ਪਤਾ ਲੱਗਾ ਹੈ ਕਿ ਇਸ ਸਾਈਫਨ ਦੀ ਸਫ਼ਾਈ ਕਥਿਤ ਤੌਰ ’ਤੇ ਕਈ ਵਾਰ ਕਾਗਜ਼ਾਂ ਵਿੱਚ ਹੋ ਚੁੱਕੀ ਹੈ। ਇਸ ਮੌਕੇ ਨਰਿੰਦਰ ਸਿੰਘ ਜਰਗੜੀ, ਰਾਏ ਸਿੰਘ, ਤਾਰਾ ਸਿੰਘ ਜਰਗੜੀ ਵੀ ਹਾਜ਼ਰ ਸਨ।
ਸਫ਼ਾਈ ਸਬੰਧੀ ਐਸਟੀਮੇਟ ਬਣਾ ਕੇ ਭੇਜਿਆ: ਐਕਸੀਅਨ
ਐਕਸੀਅਨ ਸੰਗਰੂਰ ਗਗਨਦੀਪ ਸਿੰਘ ਨੇ ਕਿਹਾ ਕਿ ਲਸਾੜਾ ਸਾਈਫ਼ਨ ਨੂੰ ਸਾਫ਼ ਕਰਨ ਸਬੰਧੀ ਐਸਟੀਮੇਟ ਬਣਾ ਕੇ ਭੇਜ ਦਿੱਤਾ ਗਿਆ ਹੈ ਤੇ ਜਲਦ ਹੀ ਇਸ ਦੀ ਸਫ਼ਾਈ ਸ਼ੁਰੂ ਕਰ ਦਿੱਤੀ ਜਾਵੇਗੀ।