ਨਿੱਜੀ ਪੱਤਰ ਪ੍ਰੇਰਕ
ਖੰਨਾ, 11 ਨਵੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਕਾਰਜਸ਼ੀਲ ਮਾਤਾ ਗੰਗਾ ਖਾਲਸਾ ਕਾਲਜ ਮੰਜੀ ਸਾਹਿਬ ਕੋਟਾਂ ਵਿੱਚ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਜ਼ੋਨ-ਏ ਲੁਧਿਆਣਾ ਦਾ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲਾ ਸ਼ਾਨੋਂ-ਸ਼ੋਕਤ ਨਾਲ ਆਰੰਭ ਹੋ ਗਿਆ ਹੈ। ਜਿਸ ਦਾ ਉਦਘਾਟਨ ਕਰਦਿਆਂ ਬੀਬੀ ਜਗੀਰ ਕੌਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਵਿਦਿਆਰਥੀਆਂ ਨੂੰ ਗੁਰਬਾਣੀ ਤੋਂ ਸੇਧ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਾਲਜ ਦੀ ਚਾਰਦੀਵਾਰੀ ਲਈ 5 ਲੱਖ ਰੁਪਏ ਦੀ ਗ੍ਰਾਂਟ ਦੇਣ ਅਤੇ 100 ਅੰਮ੍ਰਿਤਧਾਰੀ ਵਿਦਿਆਰਥੀਆਂ ਲਈ ਮੁਫ਼ਤ ਸਿੱਖਿਆ ਦਾ ਐਲਾਨ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਕ੍ਰਿਪਾਲ ਸਿੰਘ ਬਡੂੰਗਰ, ਸੁਖਮਿੰਦਰ ਸਿੰਘ, ਡਾ. ਸੁਖਬੀਰ ਸਿੰਘ, ਰਘਬੀਰ ਸਿੰਘ ਸਹਾਰਨਮਾਜਰਾ, ਹਰਪਾਲ ਸਿੰਘ ਜੱਲਾ ਅਤੇ ਡਾ. ਨਿਰਮਲ ਜੌੜਾ ਨੇ ਕਿਹਾ ਕਿ ਉੱਚੀ ਸੋਚ ਦਾ ਪ੍ਰਤੀਕ ਵੱਡਾ ਮੱਥਾ ਹੁੰਦਾ ਹੈ, ਕਿਸਮਤ ਵੀ ਅਜਿਹੀ ਸੋਚ ਨੂੰ ਸਿਰ ਝੁਕਾਉਂਦੀ ਹੈ। ਸਮਾਗਮ ਦੌਰਾਨ ‘ਕੁਦਰਤ ਨੂੰ ਪਿਆਰ ਤੇ ਸਤਿਕਾਰ ਦਿਓ’ ਥੀਮ ’ਤੇ ਆਧਾਰਿਤ ਵੱਖ-ਵੱਖ ਮੁਕਾਬਲੇ ਕਰਵਾਏ ਗਏ, ਜਿਸ ਵਿਚ 16 ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।
ਇਸ ਮੌਕੇ ਗਰੁੱਪ ਸ਼ਬਦ ਵਿਚ ਏ.ਐੱਸ ਕਾਲਜ ਖੰਨਾ ਨੇ ਪਹਿਲਾ, ਭਜਨ ਵਿਚ ਗੁਰੂ ਨਾਨਕ ਕਾਲਜ ਦੋਰਾਹਾ ਨੇ ਪਹਿਲਾ, ਗਜ਼ਲ ’ਚ ਐੱਸਸੀਡੀ ਕਾਲਜ ਨੇ ਪਹਿਲਾ, ਗੀਤ ’ਚ ਜੀਜੀਐੱਨ ਖਾਲਸਾ ਕਾਲਜ ਲੁਧਿਆਣਾ ਨੇ ਪਹਿਲਾ, ਗੁੱਡੀਆਂ ਪਟੋਲੇ ’ਚ ਆਤਮ ਵੱਲਭ ਜੈਨ ਕਾਲਜ ਨੇ ਪਹਿਲਾ, ਪਰਾਂਦਾ ਬਣਾਉਣ ’ਚ ਏ.ਐੱਸ ਕਾਲਜ ਪਹਿਲੇ, ਛਿੱਕੂ ਬਣਾਉਣ ’ਚ ਆਤਮ ਵੱਲਭ ਪਹਿਲੇ, ਨਾਲਾ ਬਣਾਉਣ ’ਚ ਐੱਸਸੀਡੀ ਕਾਲਜ ਪਹਿਲੇ, ਖਿੱਦੋ ਬਣਾਉਣ ’ਚ ਮਾਤਾ ਗੰਗਾ ਕਾਲਜ ਪਹਿਲੇ, ਪੀੜ੍ਹੀ ਬਣਾਉਣ ’ਚ ਆਤਮ ਵੱਲਭ ਜੈਨ ਪਹਿਲੇ, ਰੱਸਾ ਵੱਟਣ ’ਚ ਆਤਮ ਵੱਲਭ ਕਾਲਜ ਪਹਿਲੇ, ਈਨੂ ਬਣਾਉਣ ’ਚ ਆਤਮ ਵੱਲਭ ਜੈਨ ਪਹਿਲੇ, ਕਲਾਸੀਕਲ ਮਿਊਜ਼ਿਕ ਵੋਕਲ ’ਚ ਗੁਰੂ ਨਾਨਕ ਕਾਲਜ ਪਹਿਲੇ, ਕਵਿਤਾ ਉਚਾਰਨ ’ਚ ਆਤਮ ਵੱਲਭ ਪਹਿਲੇ, ਅੰਗਰੇਜ਼ੀ ਸੁੰਦਰ ਲਿਖਾਈ ’ਚ ਆਰੀਆ ਕਾਲਜ ਨੇ ਪਹਿਲਾ, ਫੋਕ ਗੀਤ ’ਚ ਗੁਰੂ ਨਾਨਕ ਕਾਲਜ ਨੇ ਪਹਿਲਾ ਸਥਾਨ ਹਾਸਲ ਕੀਤਾ।