ਖੇਤਰੀ ਪ੍ਰਤੀਨਿਧ
ਲੁਧਿਆਣਾ, 5 ਅਕਤੂਬਰ
ਸਥਾਨਕ ਤਾਜਪੁਰ ਰੋਡ ’ਤੇ ਡੇਅਰੀ ਕੰਪਲੈਕਸ ਨੇੜੇ ਬਣੇ ਪਸ਼ੂ ਹਸਪਤਾਲ ਦੀ ਹਾਲਤ ਪਿਛਲੇ ਕਈ ਸਾਲਾਂ ਤੋਂ ਖਸਤਾ ਬਣੀ ਹੋਈ ਹੈ। ਪਸ਼ੂਆਂ ਦੇ ਇਲਾਜ ਲਈ ਬਣਾਇਆ ਗਿਆ ਇਹ ਹਸਪਤਾਲ ਖੁਦ ਬਿਮਾਰ ਦੀ ਹਾਲਤ ਵਿੱਚ ਹੈ। ਇੱਥੇ ਡਿਊਟੀ ਦਿੰਦੇ ਵੈਟਰਨਰੀ ਡਾਕਟਰ ਦੇ ਬੈਠਣ ਲਈ ਵੀ ਢੁੱਕਵੀਂ ਥਾਂ ਨਹੀਂ ਹੈ। ਦੂਜੇ ਪਾਸੇ ਡਿਪਟੀ ਡਾਇਰੈਕਟਰ ਦਾ ਕਹਿਣਾ ਹੈ ਕਿ ਇਹ ਹਸਪਤਾਲ ਇੰਪਰੂਵਮੈਂਟ ਟਰੱਸਟ ਦੀ ਜ਼ਮੀਨ ’ਤੇ ਬਣਿਆ ਹੋਇਆ ਹੈ ਤੇ ਇਸ ਦੀ ਹਾਲਤ ਨੂੰ ਠੀਕ ਕਰਨ ਲਈ ਉੱਚ ਅਧਿਕਾਰੀਆਂ ਨੂੰ ਲਿਖਿਆ ਹੋਇਆ ਹੈ।
ਕਰੀਬ 13 ਤੋਂ 14 ਹਜ਼ਾਰ ਦੇ ਪਸ਼ੂਆਂ ਵਾਲੇ ਇਲਾਕੇ ਵਿੱਚ ਇਹ ਇੱਕ ਹੀ ਪਸ਼ੂ ਹਸਪਤਾਲ ਬਣਾਇਆ ਹੋਇਆ ਹੈ। ਇਸ ਪਸ਼ੂ ਹਸਪਤਾਲ ਨੂੰ ਬਾਹਰੋਂ ਦੇਖਦਿਆਂ ਇਹ ਬੇ-ਅਬਾਦ ਇਮਾਰਤ ਦਾ ਭੁਲੇਖਾ ਪਾਉਂਦਾ ਹੈ। ਪਸ਼ੂਆਂ ਦੇ ਇਲਾਜ ਲਈ ਬਣਾਈ ਗਈ ਥਾਂ ਬਰਸਾਤਾਂ ਵਿੱਚ ਪਾਣੀ ਅਤੇ ਚਿੱਕੜ ਨਾਲ ਭਰ ਜਾਂਦੀ ਹੈ ਤੇ ਪਾਣੀ ਹਸਪਤਾਲ ਦੇ ਖਸਤਾ ਹਾਲਤ ਦੋ ਕਮਰਿਆਂ ਅੰਦਰ ਚਲਾ ਜਾਂਦਾ ਹੈ। ਇਨ੍ਹਾਂ ਦੋ ਕਮਰਿਆਂ ਵਿੱਚੋਂ ਇੱਕ ਵਿੱਚ ਵੈਟਰਨਰੀ ਡਾਕਟਰ ਬੈਠਦਾ ਹੈ, ਜਦਕਿ ਦੂਜੇ ਕਮਰੇ ਵਿੱਚ ਕੁੱਝ ਸਾਮਾਨ ਰੱਖਿਆ ਹੋਇਆ ਹੈ। ਇਨ੍ਹਾਂ ਕਮਰਿਆਂ ਦੀ ਪਿਛਲੇ ਕਈ ਸਾਲਾਂ ਤੋਂ ਮੁਰੰਮਤ ਤਾਂ ਦੂਰ ਦੀ ਗੱਲ, ਕਲੀ ਜਾਂ ਪੇਂਟ ਤੱਕ ਵੀ ਨਹੀਂ ਕੀਤਾ ਗਿਆ। ਸਲ੍ਹਾਬ ਨਾਲ ਕਮਰਿਆਂ ਦੀਆਂ ਕੰਧਾਂ ਅਤੇ ਫਰਸ਼ ਖਸਤਾ ਹੋ ਚੁੱਕੇ ਹਨ। ਭਾਵੇਂ ਪਿਛਲੀ ਕਾਂਗਰਸ ਸਰਕਾਰ ਸਮੇਂ ਇਸ ਹਸਪਤਾਲ ਦੀ ਹਾਲਤ ਸੁਧਾਰਨ ਦੀ ਗੱਲ ਚੱਲੀ ਸੀ ਪਰ ਸਰਕਾਰ ਬਦਲਣ ਤੋਂ ਬਾਅਦ ਉਹ ਵੀ ਠੰਢੇ ਬਸਤੇ ਪੈ ਗਈ ਹੈ। ਜੇਕਰ ਅਧਿਕਾਰੀ ਦੀ ਮੰਨੀਏ ਤਾਂ ਗਰਮੀਆਂ ਵਿੱਚ ਲੋਕ ਸਵੇਰੇ ਅੱਠ ਵਜੇ ਤੋਂ ਦੁਪਹਿਰ 2 ਵਜੇ ਤੱਕ ਇੱਥੇ ਰੋਜ਼ਾਨਾ 100 ਦੇ ਕਰੀਬ ਪਸ਼ੂ ਇਲਾਜ ਲਈ ਲਿਆਉਂਦੇ ਹਨ।
ਕੀ ਕਹਿੰਦੇ ਨੇ ਅਧਿਕਾਰੀ
ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਪਰਮਵੀਰ ਸਿੰਘ ਵਾਲੀਆ ਨੇ ਦੱਸਿਆ ਕਿ ਤਾਜਪੁਰ ਰੋਡ ਡੇਅਰੀ ਕੰਪਲੈਕਸ ਵਿੱਚ ਬਣਿਆ ਹਸਪਤਾਲ ਇੰਪਰੂਵਮੈਂਟ ਟਰੱਸਟ ਦੀ ਥਾਂ ਵਿੱਚ ਬਣਿਆ ਹੋਇਆ ਹੈ। ਇਸ ਕਰਕੇ ਵਿਭਾਗ ਵੱਲੋਂ ਇਸ ’ਤੇ ਕੋਈ ਉਸਾਰੀ ਵਗੈਰਾ ਨਹੀਂ ਕੀਤੀ ਜਾ ਸਕਦੀ। ਇਸ ਸਬੰਧੀ ਟਰੱਸਟ ਦੇ ਅਧਿਕਾਰੀਆਂ ਨੂੰ ਲਿਖਿਆ ਹੋਇਆ ਹੈ। ਉਨ੍ਹਾਂ ਨੇ ਪਿਛਲੀ ਸਰਕਾਰ ਦੇ ਸਮੇਂ ਇਸ ਹਸਪਤਾਲ ਦੀ ਜੂਨ ਸੁਧਾਰਨ ਦੀ ਚੱਲੀ ਗੱਲ ਨੂੰ ਵੀ ਸਵੀਕਾਰ ਕੀਤਾ ਹੈ।