ਸਤਵਿੰਦਰ ਬਸਰਾ
ਲੁਧਿਆਣਾ, 27 ਅਕਤੂਬਰ
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਜ਼ਿਲ੍ਹਾ ਲੁਧਿਆਣਾ ਦਾ ਅੱਜ ਬਾਰ੍ਹਵਾਂ ਡੈਲੀਗੇਟ ਇਜਲਾਸ ਸ਼ਾਮ ਨਗਰ ਲੁਧਿਆਣਾ ਵਿੱਚ ਸਰਬਸੰਮਤੀ ਨਾਲ ਸਮਾਪਤ ਹੋਇਆ । ਸੁਭਾਸ਼ ਰਾਣੀ ਸੱਤਵੀਂ ਵਾਰ ਸਰਬਸੰਮਤੀ ਨਾਲ ਪ੍ਰਧਾਨ, ਭਿੰਦਰ ਕੌਰ ਗੋਸਲ ਜਨਰਲ ਸਕੱਤਰ ਅਤੇ ਸੁਰਜੀਤ ਕੌਰ ਵਿੱਤ ਸਕੱਤਰ ਚੁਣੇ ਗਏ। ਇਜਲਾਸ ਦੀ ਸ਼ੁਰੂਆਤ ਜਥੇਬੰਦੀ ਦਾ ਝੰਡਾ ਲਹਿਰਾ ਕਿ ਅਤੇ ਸ਼ਹੀਦਾਂ ਨੂੰ ਨਮਨ ਕਰਦੇ ਹੋਏ ਕੀਤੀ ਗਈ। ਜਨਰਲ ਸਕੱਤਰ ਵੱਲੋਂ ਤਿੰਨ ਸਾਲਾਂ ਦੀ ਰਿਪੋਰਟ ਰੱਖੀ ਗਈ ਅਤੇ ਵਿੱਤ ਸਕੱਤਰ ਵੱਲੋਂ ਆਪਣੀ ਵਿੱਤ ਰਿਪੋਰਟ ਪੜ੍ਹੀ ਗਈ । ਇਸ ਮੌਕੇ ਉਕਤ ਤੋਂ ਇਲਾਵਾ ਪਰਮਜੀਤ ਕੌਰ ਨੂੰ ਜੁਆਇੰਟ ਸਕੱਤਰ , ਆਸ਼ਾ ਰਾਣੀ ਅਤੇ ਮਨਜੀਤ ਕੌਰ ਮਾਂਗਟ ਨੂੰ ਵਿੱਤ ਸਕੱਤਰ ਜੁਆਇੰਟ ਚੁਣਿਆ ਗਿਆ । ਅੱਜ ਦਾ ਇਜਲਾਸ ਸੂਬਾ ਕਮੇਟੀ ਦੀ ਦੇਖ ਰੇਖ ਵਿੱਚ ਨੇਪਰੇ ਚੜ੍ਹਾਇਆ ਗਿਆ ਜਿਸ ਵਿਚ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ, ਵਿੱਤ ਸਕੱਤਰ ਅੰਮ੍ਰਿਤਪਾਲ ਕੌਰ ਉਚੇਚੇ ਤੌਰ ਤੇ ਸ਼ਾਮਲ ਹੋਏ ।
ਚੋਣ ਤੋਂ ਬਾਅਦ ਇਜਲਾਸ ਨੂੰ ਸੰਬੋਧਨ ਕਰਦੇ ਹੋਏ ਸੁਭਾਸ਼ ਰਾਣੀ ਨੇ ਦੱਸਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਆਈਸੀਡੀਐਸ ਉਤੇ ਨਿੱਤ ਨਵੇਂ ਹਮਲੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਗਿਆ ਸੀ ਕਿ ਮਾਣ ਭੱਤਾ ਦੁੱਗਣਾ ਕੀਤਾ ਜਾਵੇਗਾ ਪਰ ਦੁੱਗਣਾ ਤਾਂ ਦੂਰ ਦੀ ਗੱਲ ਹੈ ਸਰਕਾਰ ਮਸਲਿਆਂ ਉੱਤੇ ਵੀ ਗੱਲ ਕਰਨ ਨੂੰ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਪਾਲਸੀਆਂ ਦਾ ਜਵਾਬ ਦੇਣ ਲਈ ਅਤੇ ਸਰਕਾਰ ਨੂੰ ਮੰਗਾਂ ਪ੍ਰਤੀ ਜਾਗਰੂਕ ਕਰਵਾਉਣ ਲਈ 14 ਨਵੰਬਰ ਨੂੰ ਮੁੱਖ ਮੰਤਰੀ ਦਾ ਘਿਰਾਓ ਕੀਤਾ ਜਾਵੇਗਾ।