ਖੇਤਰੀ ਪ੍ਰਤੀਨਿਧ
ਲੁਧਿਆਣਾ, 9 ਅਕਤੂਬਰ
ਪਿੰਡ ਸ਼ੰਕਰ ਵਿੱਚ ਮਹਾਰਿਸ਼ੀ ਵਾਲਮੀਕਿ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ। ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਮਨਾਏ ਗਏ ਇਸ ਦਿਹਾੜੇ ਮੌਕੇ ਕੀਰਤਨ ਸਮਾਗਮ ਮਗਰੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਸਰਪੰਚ ਰਣਵੀਰ ਸਿੰਘ ਮਹਿਮੀ ਤੇ ਸਮਾਜ ਸੇਵੀ ਅੰਮ੍ਰਿਤਪਾਲ ਸਿੰਘ ਸ਼ੰਕਰ ਨੇ ਕਿਹਾ, ‘‘ਭਗਵਾਨ ਵਾਲਮੀਕਿ ਨੇ ਜੋ ਸਿੱਖਿਆਵਾਂ ਦਿੱਤੀਆਂ ਹਨ ਸਾਨੂੰ ਉਸ ’ਤੇ ਅਮਲ ਕਰ ਕੇ ਜੀਵਨ ਸ਼ੈਲੀ ’ਚ ਅਪਣਾਉਣ ਦੀ ਲੋੜ ਹੈ। ਉਨ੍ਹਾਂ ਅੱਗੇ ਦੱਸਿਆ ਕਿ ਭਗਵਾਨ ਵਾਲਮੀਕਿ ਪ੍ਰਸਿੱਧ ਕਵੀ ਸਨ, ਜਿਨ੍ਹਾਂ ਨੇ ਰਮਾਇਣ ਦੀ ਰਚਨਾ ਕੀਤੀ। ਸਮਾਗਮ ਦੀ ਸਮਾਪਤੀ ਉਪਰੰਤ ਸੰਗਤ ਲਈ ਲੰਗਰ ਲਗਾਇਆ ਗਿਆ। ਇਸ ਮੌਕੇ ਸੰਗਤ ਵਿੱਚ ਪ੍ਰਧਾਨ ਚਰਨ ਸਿੰਘ, ਏਐੱਸਆਈ ਸਤਨਾਮ ਸਿੰਘ, ਗੁਰਦੇਵ ਸਿੰਘ, ਪਰਮਿੰਦਰ ਸਿੰਘ, ਪ੍ਰਕਾਸ਼ ਸਿੰਘ, ਅਮਰਿੰਦਰ ਸਿੰਘ, ਨਿਰਮਲ ਸਿੰਘ, ਰਾਮ ਸਿੰਘ, ਮੇਜਰ ਸਿੰਘ, ਬਲਵਿੰਦਰ ਸਿੰਘ, ਜਸਪਾਲ ਸਿੰਘ ਆਦਿ ਹਾਜ਼ਰ ਸਨ।
ਮੰਡੀ ਅਹਿਮਦਗੜ੍ਹ (ਪੱਤਰ ਪ੍ਰੇਰਕ): ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਦੇ ਸਬੰਧ ’ਚ ਸਥਾਨਕ ਸ਼ਹਿਰ ਅਤੇ ਲਾਗਲੇ ਕਸਬਿਆਂ ਵਿਖੇ ਸਮਾਗਮ ਕਰਵਾਏ ਗਏ ਅਤੇ ਸ਼ੋਭਾ ਯਾਤਰਾਵਾਂ ਸਜਾਈਆਂ ਗਈਆਂ। ਵੱਖ-ਵੱਖ ਵਾਲਮੀਕਿ ਮੰਦਰਾਂ ਅਤੇ ਕਮੇਟੀਆਂ ਦੇ ਆਗੂਆਂ ਸੋਹਨ ਲਾਲ ਗੋਸ਼ੀ, ਚਮਨ ਲਾਲ, ਆਸ਼ੂ ਕੁਮਾਰ ਅਤੇ ਅਸ਼ੋਕ ਕੁਮਾਰ ਦੀ ਅਗਵਾਈ ਵਿੱਚ ਕਰਵਾਏ ਗਏ ਸਮਾਗਮਾਂ ਦੌਰਾਨ ਹੋਰਨਾਂ ਸੰਗਠਨਾਂ ਨੇ ਵੀ ਹਾਜ਼ਰੀ ਲਗਵਾਈ ਅਤੇ ਸ਼ੋਭਾ ਯਾਤਰਾਵਾਂ ਦਾ ਥਾਂ ਥਾਂ ’ਤੇ ਸਵਾਗਤ ਕੀਤਾ ਗਿਆ। ਇਸ ਮੌਕੇ ਲਵ ਕੁਸ਼ ਕਲੋਨੀ, ਵਾਲਮੀਕਿ ਮੰਦਰ ਪੁਰਾਨੀ ਤਹਿਸੀਲ, ਰਵੀਦਾਸ ਨਗਰ ਦਲੀਜ ਰੋਡ, ਰਾਮ ਸ਼ਰਨਮ ਮਾਰਗ ਅਤੇ ਗੁਰੂ ਤੇਗ ਬਹਾਦਰ ਚੌਕ ਵਿਖੇ ਕਰਵਾਏ ਗਏ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਕਿਹਾ ਕਿ ਭਗਵਾਨ ਵਾਲਮੀਕਿ ਵਲੋਂ ਰਚਿਤ ਰਮਾਇਣ ਰਾਹੀਂ ਸਮਾਜ ਦੇ ਵੱਖ ਵੱਖ ਵਰਗਾਂ ਲਈ ਆਦਰਸ਼ ਜੀਵਨ ਜਿਉਣ ਦੀ ਸੇਧ ਦਿੱਤੀ ਗਈ ਹੈ ਅਤੇ ਸਾਰਿਆਂ ਨੂੰ ਇਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ।
ਵਾਲਮੀਕਿ ਦੀਆਂ ਸਿੱਖਿਆਵਾਂ ਤੋਂ ਸੇਧ ਲੈਣ ਦੀ ਲੋੜ: ਇਆਲੀ
ਮੁੱਲਾਂਪੁਰ ਦਾਖਾ (ਪੱਤਰ ਪ੍ਰੇਰਕ): ਪਿੰਡ ਪਮਾਲ ਵਿੱਚ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਭਗਵਾਨ ਵਾਲਮੀਕਿ ਸਭਾ ਵੱਲੋਂ ਮਨਾਇਆ ਗਿਆ। ਸਮਾਗਮ ਮੌਕੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਜਾਤ-ਪਾਤ ਰਹਿਤ ਸਮਾਜ ਸਿਰਜਣ ਲਈ ਭਗਵਾਨ ਵਾਲਮੀਕਿ ਦੀਆਂ ਸਿੱਖਿਆਵਾਂ ਤੋਂ ਸੇਧ ਲੈਣ ਦੀ ਲੋੜ ਹੈ। ਉਨ੍ਹਾਂ ਹਰ ਧਰਮ ਦੇ ਗੁਰੂਆਂ, ਪੀਰਾਂ-ਪੈਗ਼ੰਬਰਾਂ, ਮਹਾਂਰਿਸ਼ੀਆਂ ਦੇ ਦਿਹਾੜੇ ਰਾਜਨੀਤੀ ਤੋਂ ਉੱਪਰ ਉੱਠ ਕੇ ਮਨਾਉਣ ਦੀ ਅਪੀਲ ਵੀ ਕੀਤੀ। ਭਗਵਾਨ ਵਾਲਮੀਕਿ ਸਭਾ ਪਮਾਲ ਦੇ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਸ੍ਰੀ ਇਆਲੀ ਅਤੇ ਹੋਰ ਪਤਵੰਤਿਆਂ ਦਾ ਸਨਮਾਨ ਵੀ ਕੀਤਾ ਗਿਆ।