ਖੇਤਰੀ ਪ੍ਰਤੀਨਿਧ
ਲੁਧਿਆਣਾ, 7 ਸਤੰਬਰ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਆਪਣੇ 50ਵੇਂ ਸਥਾਪਨਾ ਵਰ੍ਹੇ ਦੀ ਸੰਪੂਰਨਤਾ ’ਤੇ ਦੇਸ਼-ਵਿਦੇਸ਼ ਵਿੱਚ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਅੱਜ ਇੱਕ ਸਮਾਗਮ ਸਥਾਨਕ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਲੜਕਿਆਂ ਵਿੱਚ ਕਰਵਾਇਆ ਗਿਆ। ਇਸ ਸਮਾਗਮ ਦਾ ਆਰੰਭ ਪ੍ਰੋ. ਬਲਜੀਤ ਕੌਰ ਅਤੇ ਵਿਦਿਆਰਥਣਾਂ ਦੇ ਸ਼ਬਦ ਗਾਇਨ ਰਾਹੀਂ ਹੋਇਆ। ਸਟੱਡੀ ਸਰਕਲ ਦੇ ਸਕੱਤਰ ਜਨਰਲ ਪ੍ਰਿਥੀ ਸਿੰਘ ਨੇ ਸਾਰਿਆਂ ਨੂੰ ਨਿੱਘੀ ਜੀ ਆਇਆਂ ਆਖੀ। ਇਸ ਉਪਰੰਤ ਡਾ. ਹਰੀ ਸਿੰਘ ਜਾਚਕ ਰਾਹੀਂ ਸਟੱਡੀ ਸਰਕਲ ਦੇ 50 ਸਾਲਾ ਇਤਿਹਾਸ ਦੀ ਵੀਡੀਓ ਪੇਸ਼ਕਾਰੀ ਕੀਤੀ ਗਈ। ਇਸ ਸਮਾਗਮ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਐੱਸਪੀ ਸਿੰਘ, ਆਦੇਸ਼ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਜੀਪੀਆਈ ਸਿੰਘ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਗੁਰਮੋਹਨ ਸਿੰਘ ਅਤੇ ਗਡਵਾਸੂ ਤੋਂ ਡਾ. ਰਾਮਪਾਲ ਨੇ ਸ਼ਿਰਕਤ ਕੀਤੀ। ਇਸ ਦੌਰਾਨ ਵੱਖ-ਵੱਖ ਜ਼ੋਨਾਂ ਦੇ ਕਾਲਜਾਂ ਤੇ ਸਕੂਲਾਂ ਵਿੱਚ ਗਤੀਵਿਧੀਆਂ ਲਈ ਸਹਿਯੋਗ ਦੇਣ ਵਾਲੇ 250 ਤੋਂ ਵੱਧ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।