ਗਗਨਦੀਪ ਅਰੋੜਾ
ਲੁਧਿਆਣਾ, 19 ਸਤੰਬਰ
ਸਨਅਤੀ ਸ਼ਹਿਰ ਦੀਆਂ ਸੜਕਾਂ ’ਤੇ ਨਗਰ ਨਿਗਮ ਦੇ ਕੂੜਾ ਚੁੱਕਣ ਵਾਲੇ ਟਿੱਪਰ ਬੇਲਗ਼ਾਮ ਹੋ ਕੇ ਲੋਕਾਂ ਲਈ ਮੁਸੀਬਤ ਬਣ ਰਹੇ ਹਨ। ਨਗਰ ਨਿਗਮ ਦੇ ਕੂੜਾ ਚੁੱਕਣ ਵਾਲੇ ਟਿੱਪਰ ਨੇ ਸਵੇਰੇ ਸਮਰਾਲਾ ਚੌਕ ਕੋਲ ਇੱਕ ਐਕਟਿਵਾ ਸਵਾਰ ਬਜ਼ੁਰਗ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਐਕਟਿਵਾ ਸਵਾਰ ਬਜ਼ੁਰਗ ਕਾਫ਼ੀ ਦੂਰ ਜਾ ਕੇ ਡਿੱਗਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦੌਰਾਨ ਮੁਲਜ਼ਮ ਨੇ ਵਾਹਨ ਭਜਾਉਣ ਦੀ ਕੋਸ਼ਿਸ਼ ਕੀਤੀ, ਪਰ ਜਾਮ ਹੋਣ ਕਰ ਕੇ ਮੁਲਜ਼ਮ ਟਰੱਕ ਛੱਡ ਕੇ ਫ਼ਰਾਰ ਹੋ ਗਿਆ। ਗੁੱਸੇ ਵਿੱਚ ਆਏ ਲੋਕਾਂ ਨੇ ਨਗਰ ਨਿਗਮ ਦੇ ਟਿੱਪਰ ’ਤੇ ਪੱਥਰਬਾਜ਼ੀ ਕੀਤੀ ਅਤੇ ਸ਼ੀਸ਼ੇ ਭੰਨ੍ਹ ਦਿੱਤੇ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ-7 ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਜਾਂਚ ਤੋਂ ਬਾਅਦ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਵਾ ਦਿੱਤੀ ਹੈ। ਮ੍ਰਿਤਕ ਦੀ ਪਛਾਣ ਰਾਮ ਨਗਰ ਵਾਸੀ ਜੋਗਿੰਦਰ ਸਿੰਘ ਵਜੋਂ ਹੋਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਦਿਨ ’ਚ ਭੀੜ ਵਾਲੇ ਇਲਾਕੇ ਅੰਦਰ ਟਿੱਪਰ ਲਿਜਾਣ ’ਤੇ ਰੋਕ ਹੈ, ਇਸ ਦੇ ਬਾਵਜੂਦ ਨਗਰ ਨਿਗਮ ਚਾਲਕ ਟਿੱਪਰ ਰਿਹਾਇਸ਼ੀ ਇਲਾਕੇ ’ਚੋਂ ਲੰਘਾ ਰਹੇ ਹਨ ਤੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ।
ਜਾਣਕਾਰੀ ਅਨੁਸਾਰ ਪੈਟਰੋਲ ਪੰਪ ਮਾਲਕ ਜੋਗਿੰਦਰ ਸਿੰਘ ਸੋਮਵਾਰ ਨੂੰ ਆਪਣੀ ਐਕਟਿਵਾ ’ਤੇ ਰਿਸ਼ਤੇਦਾਰ ਨੂੰ ਮਿਲਣ ਜਾ ਰਿਹਾ ਸੀ। ਇਸ ਦੌਰਾਨ ਸਾਹਮਣੇ ਤੋਂ ਤੇਜ਼ ਰਫ਼ਤਾਰ ਟਿੱਪਰ ਨੇ ਜੋਗਿੰਦਰ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਜੋਗਿੰਦਰ ਸਿੰਘ ਕਾਫ਼ੀ ਦੂਰ ਜਾ ਕੇ ਡਿੱਗੇ ਅਤੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਹੀ ਮੁਲਜ਼ਮ ਵਾਹਨ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਰਾਹਗੀਰਾਂ ਨੇ ਗੁੱਸੇ ’ਚ ਆ ਕੇ ਟਿੱਪਰ ਦੇ ਸ਼ੀਸ਼ੇ ਤੋੜ ਦਿੱਤੇ। ਪੁਲੀਸ ਨੇ ਪਹਿਲਾਂ ਲੋਕਾਂ ਨੂੰ ਸ਼ਾਂਤ ਕੀਤਾ ਤੇ ਕਾਰਵਾਈ ਦਾ ਭਰੋਸਾ ਦਿੱਤਾ। ਪੜਤਾਲ ਮਗਰੋਂ ਲਾਸ਼ ਪੋਸਟਮਾਰਟਮ ਲਈ ਭਿਜਵਾ ਦਿੱਤੀ ਹੈ।
ਥਾਣਾ ਡਿਵੀਜ਼ਨ ਨੰਬਰ-7 ਦੇ ਸਬ ਇੰਸਪੈਕਟਰ ਭਜਨ ਸਿੰਘ ਨੇ ਦੱਸਿਆ ਕਿ ਦਿਨ ’ਚ ਟਿੱਪਰਾਂ ਦਾ ਦਾਖ਼ਲਾ ਬੰਦ ਹੈ, ਪਰ ਟਿੱਪਰ ਇਸ ਇਲਾਕੇ ’ਚ ਕਿਵੇਂ ਆਇਆ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਫ਼ਿਲਹਾਲ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਲਦੀ ਹੀ ਮੁਲਜ਼ਮ ਦੇ ਬਾਰੇ ਪਤਾ ਲਗਾ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਤੇਜ਼ ਰਫ਼ਤਾਰ ਕਾਰ ਫੁਆਰਾ ਚੌਕ ਨਾਲ ਟਕਰਾਈ; ਦੋ ਜ਼ਖ਼ਮੀ
ਲੁਧਿਆਣਾ: ਫੁਆਰਾ ਚੌਕ ’ਚ ਸੋਮਵਾਰ ਦੀ ਸਵੇਰੇ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਸਿੱਧੀ ਚੌਕ ਦੀ ਕੰਧ ’ਚ ਜਾ ਵੱਜੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਏਅਰਬੈਗ ਖੁੱਲ੍ਹ ਗਏ। ਉਥੋਂ ਲੰਘਣ ਵਾਲੇ ਰਾਹਗੀਰਾਂ ਨੇ ਕਾਰ ਚਾਲਕਾਂ ਨੂੰ ਬਾਹਰ ਕੱਢਿਆ। ਕਾਰ ਵਿੱਚ ਸਵਾਰ ਦੋ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਦੇ ਲਈ ਦੁੱਗਰੀ ਦੇ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ-8 ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਅਨੁਸਾਰ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ, ਬੱਸ ਇਹੀ ਪਤਾ ਲੱਗਿਆ ਹੈ ਕਿ ਉਹ ਦੁੱਗਰੀ ਇਲਾਕੇ ਦੇ ਰਹਿਣ ਵਾਲੇ ਹਨ। ਪੁਲੀਸ ਨੇ ਕਾਰ ਜ਼ਬਤ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਏਐੱਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੋਮਵਾਰ ਦੀ ਸਵੇਰੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਮਾਲ ਰੋਡ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਫੁਆਰਾ ਚੌਕ ਨਾਲ ਟਕਰਾਅ ਗਈ। ਇਸ ਹਾਦਸੇ ਵਿੱਚ ਕਾਰ ਦੇ ਏਅਰਬੈਗ ਖੁੱਲ੍ਹ ਗਏ ਤੇ ਸਵਾਰ ਦੋਵੇਂ ਨੌਜਵਾਨ ਜ਼ਖ਼ਮੀ ਹੋ ਗਏ ਸਨ। ਲੋਕਾਂ ਨੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ।
ਸੜਕ ਹਾਦਸੇ ਵਿਚ ਬਜ਼ੁਰਗ ਹਲਾਕ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ ): ਇੱਥੇ ਵਾਪਰੇ ਸੜਕ ਹਾਦਸੇ ਦੌਰਾਨ ਇੱਕ ਅਣਪਛਾਤੇ ਬਜ਼ੁਰਗ ਦੀ ਮੌਤ ਹੋ ਗਈ ਹੈ। ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲੀਸ ਨੂੰ ਆਦਰਸ਼ ਨਗਰ ਟਿੱਬਾ ਰੋਡ ਵਾਸੀ ਓਮੇਸ਼ ਕੁਮਾਰ ਨੇ ਦੱਸਿਆ ਕਿ ਉਹ ਮੋਟਰਸਾਈਕਲ ’ਤੇ ਸਾਹਨੇਵਾਲ ਤੋਂ ਲੁਧਿਆਣਾ ਵੱਲ ਆ ਰਿਹਾ ਸੀ। ਉਹ ਜਦੋਂ ਮੌਂਟੇ ਕਾਰਲੋ ਫੈਕਟਰੀ ਦੇ ਸਾਹਮਣੇ ਆਇਆ ਤਾਂ 50 ਸਾਲ ਦੇ ਕਰੀਬ ਉਮਰ ਦਾ ਵਿਅਕਤੀ ਸੜਕ ਪਾਰ ਕਰ ਰਿਹਾ ਸੀ। ਉਸ ਨੇ ਦੱਸਿਆ ਕਿ ਜੰਮੂ ਕਸ਼ਮੀਰ ਦੇ ਨੰਬਰ ਵਾਲੀ ਇੱਕ ਕਾਰ ਨੇ ਉਸ ਵਿੱਚ ਟੱਕਰ ਮਾਰੀ ਜਿਸ ਕਾਰਨ ਉਹ ਸਖ਼ਤ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਥਾਣੇਦਾਰ ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਜਦੋਂਕਿ ਲਾਸ਼ ਸਿਵਲ ਹਸਪਤਾਲ ਭੇਜ ਦਿੱਤੀ ਗਈ ਹੈ।