ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 8 ਨਵੰਬਰ
ਥਾਣਾ ਸਲੇਮ ਟਾਬਰੀ ਦੀ ਪੁਲੀਸ ਨੇ ਇੰਡੋ ਕੈਨੇਡੀਅਨ ਬੱਸ ਦੇ ਡਰਾਈਵਰ ਅਤੇ ਕੰਡਕਟਰ ਸਮੇਤ ਚਾਰ ਜਣਿਆਂ ਖ਼ਿਲਾਫ਼ ਪਨਬੱਸ ਦੇ ਡਰਾਈਵਰ ਅਤੇ ਕੰਡਕਟਰ ਦੀ ਕੁੱਟਮਾਰ ਕਰਨ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਹੈ। ਇਸ ਸੰਬੰਧੀ ਮੁਖਤਾਰ ਸਿੰਘ ਵਾਸੀ ਪਿੰਡ ਤਾਰਾ ਸਿੰਘ (ਪੱਟੀ) ਨੇ ਦੱਸਿਆ ਹੈ ਕਿ ਉਹ ਪਨਬੱਸ ਦਾ ਡਰਾਈਵਰ ਹੈ ਜਦਕਿ ਬਲਵਿੰਦਰ ਸਿੰਘ ਉਸ ਨਾਲ ਕੰਡਕਟਰ ਵਜੋਂ ਤਾਇਨਾਤ ਹੈ। ਜਦੋਂ ਉਹ ਬੱਸ ਲੈਕੇ ਜੀਟੀ ਰੋਡ ਸਥਿਤ ਹਾਰਡੀ ਵਰਡ ਵੱਲ ਜਾ ਰਹੇ ਸਨ ਤਾਂ ਪੁਲ ਉੱਪਰ ਇੰਡੋ-ਕੈਨੇਡੀਅਨ ਦੀ ਬੱਸ ਨੰਬਰ ਪੀਬੀ 01 ਸੀ 9724 ਅਤੇ ਰਾਜਧਾਨੀ ਕੰਪਨੀ ਦੀਆਂ ਬੱਸਾਂ ਰੁਕ ਗਈਆਂ। ਉਨ੍ਹਾਂ ਦੀ ਬੱਸ ਪਿੱਛੇ ਸੀ ਅਤੇ ਜਦੋਂ ਉਸ ਨੇ ਆਪਣੀ ਬੱਸ ਇਨ੍ਹਾਂ ਬੱਸਾਂ ਤੋਂ ਅੱਗੇ ਲਗਾਉਣੀ ਚਾਹੀ ਤਾਂ ਇੰਡੋ-ਕੈਨੇਡੀਅਨ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੇ ਉਸ ਦੀ ਬੱਸ ਨੂੰ ਰੋਕ ਲਿਆ ਅਤੇ ਗਾਲੀ ਗਲੋਚ ਕਰਨ ਲੱਗ ਪਏ। ਉਹ ਕਹਿ ਰਹੇ ਸਨ ਕਿ ਬੱਸ ਨੇੜੇ ਆਉਣ ਕਾਰਨ ਉਨ੍ਹਾਂ ਦੀ ਬੱਸ ਦਾ ਸ਼ੀਸ਼ਾ ਟੁੱਟ ਜਾਣਾ ਸੀ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਦੋ ਹੋਰ ਸਾਥੀਆਂ ਸਮੇਤ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਕੱਪੜੇ ਪਾੜ ਦਿੱਤੇ। ਇਸ ਦੌਰਾਨ ਕੁਝ ਸਮੇਂ ਲਈ ਪੁਲ ਉਪਰ ਟ੍ਰੈਫਿਕ ਵੀ ਜਾਮ ਹੋ ਗਿਆ। ਜਾਂਚ ਅਧਿਕਾਰੀ ਜਨਕ ਰਾਜ ਨੇ ਦੱਸਿਆ ਹੈ ਕਿ ਪੁਲੀਸ ਨੇ ਇੰਡੋ-ਕੈਨੇਡੀਅਨ ਬੱਸ ਦੇ ਡਰਾਈਵਰ ਅਤੇ ਕੰਡਕਟਰ ਸਮੇਤ ਚਾਰ ਜਣਿਆਂ ਖ਼ਿਲਾਫ਼ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦੇ ਦੋਸ਼ ਸਮੇਤ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।