ਪੱਤਰ ਪ੍ਰੇਰਕ
ਅਮਲੋਹ, 10 ਜੁਲਾਈ
ਇੱਥੇ ਪਾਣੀ ਨਿਕਾਸੀ ਦੇ ਮਾੜੇ ਪ੍ਰਬੰਧਾਂ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਸੰਤਾਪ ਭੋਗਣਾ ਪੈ ਰਿਹਾ ਹੈ। ਸ਼ਹਿਰ ਵਿੱਚ ਥਾਂ ਥਾਂ ਤੋਂ ਸੀਵਰੇਜ ਬੰਦ ਹੋਣ ਕਾਰਨ ਬਾਜ਼ਾਰਾਂ, ਬੁੱਗਾ ਚੌਕ, ਸਿਵਲ ਹਸਤਪਾਲ ਨਜ਼ਦੀਕ ਅਤੇ ਮੁਹੱਲਿਆਂ ਵਿਚ ਪਾਣੀ ਖੜ੍ਹਾ ਹੋ ਗਿਆ ਹੈ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਕਾਲੀ ਦਲ ਦੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਇਸ ਗੰਭੀਰ ਸਮੱਸਿਆਂ ਦੇ ਹੱਲ ਲਈ ਕਰੋੜਾਂ ਰੁਪਏ ਦੀ ਲਾਗਤ ਨਾਲ ਸ਼ਹਿਰ ਵਿਚ ਸੀਵਰੇਜ ਪਾਇਆ ਗਿਆ ਸੀ ਪ੍ਰੰਤੂ ਇਸ ਦੇ ਬਲਾਕ ਹੋਣ ਕਾਰਨ ਲੋਕ ਸਮੱਸਿਆਂ ਨਾਲ ਜੂਝ ਰਹੇ ਹਨ ਅਤੇ ਲੱਖਾਂ ਰੁਪਏ ਦੀ ਲਾਗਤ ਨਾਲ ਕੌਂਸਲ ਵੱਲੋਂ ਖਰੀਦੀ ਕੈਬੀ ਮਸ਼ੀਨ ਵੀ ਚਿੱਟਾ ਹਾਥੀ ਸਾਬਤ ਹੋ ਰਹੀ ਹੈ। ਥੋੜ੍ਹੀ ਬਰਸਾਤ ਕਾਰਨ ਹੀ ਸੀਵਰੇਜ ਓਵਰ ਫਲੋ ਹੋਣ ਕਾਰਨ ਗੰਦਾ ਪਾਣੀ ਲੋਕਾਂ ਦੇ ਘਰਾਂ ਵਿਚ ਦਾਖ਼ਲ ਹੋ ਰਿਹਾ ਹੈ। ਵਾਰਡ ਨੰਬਰ 10 ਵਿੱਚ ਟੈਲੀਫ਼ੋਨ ਐਕਸਚੇਂਜ ਤੋਂ ਮੇਨ ਬਾਈਪਾਸ ਨੂੰ ਜਾਂਦੇ ਮੁੱਖ ਮਾਰਗ ਉਪਰ ਲੰਬੇ ਸਮੇਂ ਤੋਂ ਗਟਰਾਂ ਉੱਪਰੋਂ ਸਲੈਬਾਂ ਗਾਇਬ ਹਨ, ਜਿਸ ਕਾਰਨ ਕਿਸੇ ਵੀ ਸਮੇਂ ਜਾਨੀ-ਮਾਲੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਤੁਰੰਤ ਇਸ ਦੇ ਹੱਲ ਦੀ ਮੰਗ ਕੀਤੀ ਹੈ। ਨਗਰ ਕੌਂਸਲ ਪ੍ਰਧਾਨ ਡਾ. ਹਰਪ੍ਰੀਤ ਸਿੰਘ ਨੇ ਕਿਹਾ ਕਿ ਬਲਾਕੇਜ਼ ਖ਼ਤਮ ਕਰਨ ਲਈ ਮੁਹਿੰਮ ਚੱਲ ਰਹੀ ਹੈ ਅਤੇ ਪਾਣੀ ਦੀ ਨਿਕਾਸੀ ਲਈ ਇੰਜਣ ਦੀ ਵੀ ਮਦਦ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਸਮੱਸਿਆ ਦਾ ਹੱਲ ਕਰ ਲਿਆ ਜਾਵੇਗਾ।