ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 28 ਅਗਸਤ
ਜਗਰਾਉਂ ਦੀ ਡਾਇਟ ਸਮੇਤ ਇਲਾਕੇ ਦੇ ਦਰਜਨਾਂ ਸੈਂਟਰਾਂ ਵਿੱਚ ਅੱਜ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੇ ਜੀਵਨ ਨਾਲ ਸਬੰਧਤ ਇਕ ਪ੍ਰੀਖਿਆ ਕਰਵਾਈ ਗਈ। ਇਹ ਪ੍ਰੀਖਿਆ ਕੁੱਲ 1510 ਵਿਦਿਆਰਥੀਆਂ ਨੇ ਦਿੱਤੀ।
ਮਾਸਟਰ ਰਣਜੀਤ ਸਿੰਘ ਹਠੂਰ ਨੇ ਦੱਸਿਆ ਕਿ ਇਸ ਪ੍ਰੀਖਿਆ ਦਾ ਨਤੀਜਾ ਕਰੀਬ ਮਹੀਨੇ ਬਾਅਦ ਆਵੇਗਾ। ‘ਅਸੀਂ ਭਾਰਤ ਦੇ ਲੋਕ’ ਕਿਤਾਬ ’ਤੇ ਆਧਾਰਿਤ ਵਿਦਿਆਰਥੀਆਂ ਦੀ ਇਸ ਸੂਬਾ ਪੱਧਰੀ ਪ੍ਰੀਖਿਆ ਲਈ ਜਗਰਾਉਂ ਤਹਿਸੀਲ ਦਾ ਮੁੱਖ ਸੈਂਟਰ ਸਥਾਨਕ ਡਾਇਟ ਸੀ। ਇਸ ਤੋਂ ਇਲਾਵਾ ਹਠੂਰ, ਲੱਖਾ, ਮਾਣੂੰਕੇ, ਮੱਲ੍ਹਾ, ਗਿੱਦੜਵਿੰਡੀ ਸਮੇਤ ਦਰਜਨਾਂ ਹੋਰ ਥਾਵਾਂ ’ਤੇ ਪ੍ਰੀਖਿਆ ਕੇਂਦਰ ਬਣਾਏ ਗਏ ਸਨ। ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ ਇਹ ਪ੍ਰੀਖਿਆ ਪੂਰੇ ਪੰਜਾਬ ਵਿੱਚ ਕਰਵਾਈ ਗਈ ਹੈ। ਇਸ ਪ੍ਰੀਖਿਆ ਦੇ ਪ੍ਰਸ਼ਨ ‘ਅਸੀਂ ਭਾਰਤ ਦੇ ਲੋਕ’ ਕਿਤਾਬ ਵਿੱਚੋਂ ਲਏ ਗਏ।
ਦੱਸਣਯੋਗ ਹੈ ਕਿ ਇਹ ਪ੍ਰਸਿੱਧ ਪੁਸਤਕ ਭਾਰਤੀ ਸੰਵਿਧਾਨ ਅਤੇ ਲੋਕਤੰਤਰ ਬਾਰੇ ਹੈ। ਡਾ. ਸੁਰਜੀਤ ਸਿੰਘ ਦੌਧਰ ਅਤੇ ਸਰਪੰਚ ਦਰਸ਼ਨ ਸਿੰਘ ਦੀ ਅਗਵਾਈ ਵਿੱਚ ਇਲਾਕੇ ਭਰ ਦੇ ਵਿਦਿਆਰਥੀਆਂ ਨੇ ਪ੍ਰੀਖਿਆ ’ਚ ਪੂਰੀ ਦਿਲਚਸਪੀ ਨਾਲ ਹਿੱਸਾ ਲਿਆ। ਰਣਜੀਤ ਹਠੂਰ ਨੇ ਦੱਸਿਆ ਕਿ ਪੰਜਾਬ ਪੱਧਰ ’ਤੇ ਦੋ ਉਮਰ ਗਰੁੱਪਾਂ ਦੇ ਸਰਵੋਤਮ ਵਿਦਿਆਰਥੀਆਂ ਨੂੰ 50 ਹਜ਼ਾਰ, 20 ਹਜ਼ਾਰ, 10 ਹਜ਼ਾਰ ਦੇ ਇਨਾਮਾਂ ਤੋਂ ਇਲਾਵਾ ਹੋਰ ਨਕਦ ਇਨਾਮਾਂ ਨਾਲ ਫਗਵਾੜਾ ਵਿੱਚ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੀਖਿਆ ਦਾ ਮਕਸਦ ਵਿਦਿਆਰਥੀਆਂ ਵਿੱਚ ਭਾਰਤੀ ਸੰਵਿਧਾਨ, ਲੋਕਤੰਤਰ ਅਤੇ ਬਾਬਾ ਸਾਹਿਬ ਦੀ ਮਾਨਵਤਾਵਾਦੀ ਵਿਚਾਰਧਾਰਾ ਦਾ ਪ੍ਰਚਾਰ ਤੇ ਪਸਾਰ ਕਰਨਾ ਹੈ।