ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 10 ਅਗਸਤ
ਇਥੇ ਰੰਘਰੇਟਾ ਭਾਈਚਾਰੇ ਦੀ ਇਕ ਮੀਟਿੰਗ ਮਨਜੀਤ ਨਗਰ ਵਿੱਚ ਹੋਈ, ਜਿਸ ਵਿੱਚ ਰੰਘਰੇਟਾ ਦਲ ਦੀਆਂ ਜਥੇਬੰਦੀਆਂ ਦੇ ਪ੍ਰਤੀਨਿਧਾਂ ਨੇ ਹਿੱਸਾ ਲਿਆ। ਇਸ ਮੌਕੇ ਅਕਾਲੀ ਆਗੂ ਗੁਰਮੀਤ ਸਿੰਘ ਸਿੱਧੂ ਨੇ ਦੋਸ਼ ਲਾਇਆ ਕਿ ਅਕਾਲੀ ਦਲ ਦੀ ਹੇਠਲੇ ਪੱਧਰ ਦੀ ਲੀਡਰਸ਼ਿਪ ਵੱਲੋਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਜ਼ਰ-ਅੰਦਾਜ਼ ਕੀਤਾ ਜਾ ਰਿਹਾ ਹੈ, ਜਿਸ ਕਾਰਨ ਵਰਕਰਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਹਰੇਕ ਪ੍ਰੋਗਰਾਮ ਵਿੱਚ ਅੱਗੇ ਹੋ ਕੇ ਹਿੱਸਾ ਲਿਆ ਹੈ ਪਰ ਲੀਡਰਸ਼ਿਪ ਨੇ ਉਨ੍ਹਾਂ ਨੂੰ ਮਾਣ ਸਨਮਾਨ ਦੇਣ ਮੌਕੇ ਉਨ੍ਹਾਂ ਦੀਆਂ ਲੱਤਾਂ ਖਿੱਚੀਆਂ ਹਨ। ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਰੰਘਰੇਟਾ ਭਾਈਚਾਰੇ ਦੇ ਆਗੂ ਬਾਬਾ ਜੀਵਨ ਸਿੰਘ ਦੇ ਨਾਂ ’ਤੇ ਕਿਸੇ ਯੂਨੀਵਰਸਿਟੀ ਵਿੱਚ ਚੇਅਰ ਸਥਾਪਤ ਕੀਤੀ ਜਾਵੇ। ਉਨ੍ਹਾਂ ਕਿਸਾਨ ਮੋਰਚੇ ਦੀ ਮਦਦ ਦਾ ਵੀ ਐਲਾਨ ਕੀਤਾ। ਅਕਾਲੀ ਦਲ ਸਾਬਕਾ ਸੈਨਿਕ ਵਿੰਗ ਦੇ ਸੀਨੀਅਰ ਆਗੂ ਕੈਪਟਨ ਪ੍ਰੀਤਮ ਸਿੰਘ ਨੇ ਵੀ ਦੋਸ਼ ਲਗਾਇਆ ਕਿ ਪਾਰਟੀ ਦੇ ਕੁਝ ਆਗੂ ਭਾਈਚਾਰੇ ਨਾਲ ਵਿਤਕਰਾ ਕਰ ਰਹੇ ਹਨ। ਮੀਟਿੰਗ ਵਿੱਚ ਭਾਈ ਜੈਤਾ ਜੀ ਫਾਊਂਡੇਸ਼ਨ ਦੇ ਪ੍ਰਧਾਨ ਪਰਮਿੰਦਰ ਸਿੰਘ ਬੱਗਾ, ਮਨਜੀਤ ਸਿੰਘ ਪ੍ਰਧਾਨ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਵੀ ਹਾਜ਼ਰ ਸਨ।