ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਦਸੰਬਰ
ਪੀਏਯੂ ਵਿੱਚ ਟਰੈਕਟਰ ਡਰਾਈਵਰ ਵਜੋਂ ਸੇਵਾ ਕਰਨ ਵਾਲੇ ਮੁਲਾਜ਼ਮ ਨੇ ’ਵਰਸਿਟੀ ਵਿੱਚ ਟਰੈਕਟਰ ਡਰਾਈਵਰਾਂ ਦੀ ਭਰਤੀ ਵਿੱਚ ਗੜਬੜੀ ਹੋਣ ਦਾ ਦੋਸ਼ ਪ੍ਰਗਟਾਉਂਦਿਆਂ ਇਸ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਉਸ ਨੇ ਸੂਬੇ ਦੇ ਰਾਜਪਾਲ, ਮੁੱਖ ਮੰਤਰੀ, ਮੁੱਖ ਸਕੱਤਰ ਅਤੇ ਉਪ ਕੁਲਪਤੀ ਨੂੰ ਪੱਤਰ ਭੇਜ ਦਿੱਤੇ ਹਨ। ਪੀਏਯੂ ਵਿੱਚ ਕਰੀਬ 20 ਸਾਲ ਟਰੈਕਟਰ ਡਰਾਈਵਰ ਦੀਆਂ ਸੇਵਾਵਾਂ ਦੇਣ ਵਾਲੇ ਬਲਕਰਨ ਸਿੰਘ ਨੇ ਦੱਸਿਆ ਕਿ ਨਵੀਂ ਭਰਤੀ ਤੋਂ ਬਾਅਦ ਅਗਸਤ 2020 ਵਿੱਚ ਉਸ ਸਮੇਤ 5 ਕੁ ਮੁਲਾਜ਼ਮਾਂ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ। ਇਸ ਮਗਰੋਂ ਉਸ ਨੇ ਭਰਤੀ ਕੀਤੇ ਟਰੈਕਟਰ ਡਰਾਈਵਰਾਂ ਦੀ ਆਰਟੀਆਈ ਰਾਹੀਂ ਜਾਣਕਾਰੀ ਇਕੱਤਰ ਕੀਤੀ। ਆਰਟੀਆਈ ਰਾਹੀਂ ਪ੍ਰਾਪਤ ਜਾਣਕਾਰੀ ਤੋਂ ਇਹ ਖੁਲਾਸਾ ਹੋਇਆ ਕਿ ਭਰਤੀ ਕੀਤੇ ਮੁਲਾਜ਼ਮਾਂ ਵਿੱਚੋਂ ਕਈਆਂ ਵੱਲੋਂ ਦਿੱਤੇ ਗਏ ਤਜਰਬਾ ਸਰਟੀਫਿਕੇਟ ਕਥਿਤ ਤੌਰ ’ਤੇ ਗਲਤ ਹਨ। ਉਹ ਇਸ ਸਬੰਧੀ ਕਈ ਵਾਰ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਕੋਈ ਸੁਣਵਾਈ ਨਹੀਂ ਹੋਈ। ਪੀਏਯੂ ਦੇ ਰਜਿਸਟਰਾਰ ਡਾ. ਸ਼ੰਮੀ ਕਪੂਰ ਨੇ ਦੱਸਿਆ ਕਿ ਉਨ੍ਹਾਂ ਨੇ ਅਜੇ ਪਿੱਛੇ ਜਿਹੇ ਹੀ ਚਾਰਜ ਸੰਭਾਲਿਆ ਹੈ। ਇਹ ਮਾਮਲਾ ਉਨਾਂ ਤੋਂ ਪਹਿਲੇ ਰਜਿਸਟਰਾਰ ਦੇ ਸਮੇਂ ਦਾ ਹੈ। ਜਦੋਂ ਉਨ੍ਹਾਂ ਤੋਂ ਸ਼ਿਕਾਇਤਕਰਤਾ ਵੱਲੋਂ ਜਾਂਚ ਦੀ ਮੰਗ ਸਬੰਧੀ ਨਵੇਂ ਭੇਜੇ ਪੱਤਰ ਬਾਰੇ ਪੁੱਛਿਆ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਅਜੇ ਤੱਕ ਉਨ੍ਹਾਂ ਕੋਲ ਕੋਈ ਅਜਿਹਾ ਪੱਤਰ ਨਹੀਂ ਆਇਆ।