ਜਸਬੀਰ ਸ਼ੇਤਰਾ
ਜਗਰਾਉਂ, 28 ਅਪਰੈਲ
ਪਿੰਡ ਕਮਾਲਪੁਰਾ ਤੋਂ ਦੇਹੜਕਾ ਦੀ ਅਠਾਰਾਂ ਫੁੱਟੀ ਚੌੜੀ ਸੜਕ ਬਣਾਉਣ ਦਾ ਕੰਮ ਅੱਜ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਸ਼ੁਰੂ ਕਰਵਾਇਆ। ਸੜਕ ਬਣਾਉਣ ਦੀ ਰਸਮੀ ਸ਼ੁਰੂਆਤ ਉਨ੍ਹਾਂ ਪਿੰਡ ਚੀਮਾ ਦੇ ਬਜ਼ੁਰਗ ਸਾਬਕਾ ਸਰਪੰਚ ਸੇਵਾ ਸਿੰਘ ਅਤੇ ਬੱਚਿਆਂ ਤੋਂ ਰਬਿਨ ਕਟਵਾਕੇ ਕਰਵਾਈ।
ਇਸ ਮੌਕੇ ਇਕੱਠੇ ਹੋਏ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਮਾਣੂੰਕੇ ਨੇ ਆਖਿਆ ਕਿ ਲੋਕ ਪਹਿਲਾਂ ਚੈੱਕ ਕਰਕੇ ਇਹ ਯਕੀਨੀ ਬਨਾਉਣ ਕਿ ਸੜਕ ਦੇ ਨਿਰਮਾਣ ਕਾਰਜ ’ਚ ਕਿਸੇ ਕਿਸਮ ਦੀ ਕੋਈ ਘਾਟ ਜਾਂ ਮਿਲਾਵਟ ਤਾਂ ਨਹੀਂ ਹੋ ਰਹੀ ਅਤੇ ਸੜਕ ਬਨਾਉਣ ਲਈ ਪਾਏ ਗਏ ਪੱਥਰ ਅਤੇ ਬੱਜਰੀ ਆਦਿ ਮਿਆਰ ਪੱਖੋਂ ਠੀਕ ਹਨ। ਇਸ ’ਤੇ ਲੋਕਾਂ ਵੱਲੋਂ ਹੱਥ ਖੜ੍ਹੇ ਕਰ ਕੇ ਸੜਕ ਦਾ ਨਿਰਮਾਣ ਤਸੱਲੀਬਖ਼ਸ਼ ਹੋਣ ਦਾ ਇਜ਼ਹਾਰ ਕਰਨ ਮਗਰੋਂ ਹੀ ਵਿਧਾਇਕਾ ਨੇ ਸੜਕ ’ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰਵਾਇਆ। ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਪਹਿਲਾਂ ਅਕਾਲੀਆਂ ਤੇ ਕਾਂਗਰਸੀਆਂ ਨੇ ਘੱਟ ਮਿਆਰ ਵਾਲੀਆਂ ਸੜਕਾਂ ਬਣਾਕੇ ਪੰਜਾਬ ਦੇ ਖਜ਼ਾਨੇ ਉੱਪਰ ਵੱਡੇ ਡਾਕੇ ਮਾਰੇ ਹਨ ਜਿਸ ਕਾਰਨ ਸੜਕਾਂ ਬਣਨ ਤੇ ਕੁਝ ਕੁ ਮਹੀਨੇ ਬਾਅਦ ਹੀ ਟੁੱਟ ਜਾਂਦੀਆਂ ਸਨ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਖਜ਼ਾਨੇ ਦਾ ਇਕ-ਇਕ ਪੈਸਾ ਲੋਕਾਂ ਦੀ ਬਿਹਤਰੀ ਲਈ ਲਗਾਏਗੀ ਅਤੇ ਲੋਕਾਂ ਵਧੀਆ ਰਾਜ-ਪ੍ਰਬੰਧ ਦਿੱਤਾ ਜਾਵੇਗਾ। ਹਲਕੇ ਦੇ ਵਿਕਾਸ ਲਈ ਵੱਧ ਤੋਂ ਵੱਧ ਗਰਾਂਟਾਂ ਲਿਆਂਦੀਆਂ ਜਾਣਗੀਆਂ ਅਤੇ ਨੌਜਵਾਨਾਂ ਲਈ ਵਧੀਆ ਖੇਡ ਮੈਦਾਨ ਅਤੇ ਓਪਨ ਜਿੰਮ ਖੋਲ੍ਹੇ ਜਾਣਗੇ। ਇਸ ਮੌਕੇ ਪ੍ਰੀਤਮ ਸਿੰਘ ਅਖਾੜਾ, ਪ੍ਰੋ. ਸੁਖਵਿੰਦਰ ਸੁੱਖੀ, ਕਰਮ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਨੋਨੀ, ਅਮਰਦੀਪ ਸਿੰਘ ਟੂਰੇ, ਜਰਨੈਲ ਸਿੰਘ ਲੰਮੇ, ਨਿਰਭੈ ਸਿੰਘ ਸਿੱਧੂ, ਸਵਰਨਜੀਤ ਸਿੰਘ ਸਿੱਧੂ ਆਦਿ ਮੌਜੂਦ ਸਨ।