ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 29 ਅਕਤੂਬਰ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜ਼ਿਲ੍ਹਾ ਇਕਾਈ ਦੀ ਅੱਜ ਮੀਟਿੰਗ ਹੋਈ ਜਿਸ ਵਿੱਚ ਨਗਰ ਨਿਗਮ ਚੋਣਾਂ ਦਾ ਬਿਗੁਲ ਵਜਾਉਂਦਿਆਂ ਕੁੁੱਝ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ। ਜੋਧੇਵਾਲ ਬਸਤੀ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਅਤੇ ਮੈਂਬਰ ਪੀਏਸੀ ਜਥੇਦਾਰ ਜਸਵੰਤ ਸਿੰਘ ਚੀਮਾ ਦੇ ਦਫ਼ਤਰ ਵਿੱਚ ਹੋਈ ਮੀਟਿੰਗ ਦੌਰਾਨ ਪਾਰਟੀ ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਸ਼ਾਮਲ ਹੋਏ। ਉਨ੍ਹਾਂ ਪਾਰਟੀ ਦੇ ਸੀਨੀਅਰ ਆਗੂ ਗੁਰਚਰਨ ਸਿੰਘ ਸਾਹਨੇਵਾਲ ਨੂੰ ਮੇਅਰ, ਡਾ. ਐੱਚਐੱਸ ਪੰਨੂ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਚਾਂਦ ਮੁਹੰਮਦ ਬਿੱਟੂ ਨੂੰ ਡਿਪਟੀ ਮੇਅਰ ਦਾ ਚਿਹਰਾ ਐਲਾਨਿਆ।ਇਸ ਮੌਕੇ ਸ੍ਰੀ ਕਾਹਨ ਸਿੰਘ ਵਾਲਾ ਅਤੇ ਜਥੇਦਾਰ ਚੀਮਾ ਨੇ ਕਿਹਾ ਕਿ ਪੰਜਾਬ ਵਾਸੀਆਂ ਦਾ ਸਾਰੀਆਂ ਪਾਰਟੀਆਂ ਤੋਂ ਮੋਹ ਭੰਗ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਅੱਜ ਤੱਕ ਜਿੰਨੀਆਂ ਵੀ ਪਾਰਟੀਆਂ ਨੇ ਨਗਰ ਨਿਗਮ ’ਤੇ ਕਬਜ਼ਾ ਕੀਤਾ ਹੈ ਉਨ੍ਹਾਂ ਲੋਕਾਂ ਦੀਆਂ ਮੁਸ਼ਕਿਲਾਂ ਦਾ ਕੋਈ ਹੱੱਲ ਨਹੀਂ ਕੱਢਿਆ। ਉਨ੍ਹਾਂ ਕਿਹਾ ਕਿ ਅੱਜ ਬੁੱਢੇ ਨਾਲੇ ਦਾ ਪਾਣੀ ਜੋ ਬਿਮਾਰੀਆਂ ਫੈਲਾਅ ਰਿਹਾ ਹੈ ਕਿਸੇ ਦਾ ਵੀ ਉਸ ਵੱਲ ਧਿਆਨ ਨਹੀਂ, ਗਲੀਆਂ-ਨਾਲੀਆਂ ਟੁੱਟੀਆਂ ਪਈਆਂ ਹਨ। ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੁਣ ਨਗਰ ਨਿਗਮ ਦੀ ਵਾਗਡੋਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਸੌਂਪਣ ਤਾਂ ਜੋ ਲੁਧਿਆਣਾ ਦਾ ਵਿਕਾਸ ਹੋ ਸਕੇ।