ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 15 ਸਤੰਬਰ
ਥਾਣਾ ਦਰੇਸੀ ਦੇ ਇਲਾਕੇ ਵਿੱਚ ਇਕ ਵਿਅਕਤੀ ਵੱਲੋਂ ਹਵਾਈ ਫਾਇਰ ਕੀਤੇ ਗਏ ਜਿਸ ਕਾਰਨ ਇਲਾਕੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਜਾਣਕਾਰੀ ਮੁਤਾਬਕ ਸੰਤੋਖ ਨਗਰ ਵਾਸੀ ਇਮਤਿਆਜ਼ ਅਹਿਮਦ ਕਢਾਈ ਦਾ ਕੰਮ ਕਰਦਾ ਹੈ ਅਤੇ ਉਹ ਉਸ ਦਾ ਕੰਮ ਕਰਨ ਵਾਲੇ ਮੇਰਠ ਵਾਸੀ ਅਬਦੁਲ ਅਹਿਸਾਸ ਦੀ ਬਣਦੀ ਰਕਮ ਹਰੇਕ ਹਫ਼ਤੇ ਉਸ ਦੇ ਖਾਤੇ ਵਿੱਚ ਪਾ ਦਿੰਦਾ ਹੈ। ਇਸ ਵਾਰ ਕੰਪਨੀਆਂ ਵੱਲੋਂ ਪੈਸੇ ਨਾ ਆਉਣ ’ਤੇ ਉਸ ਦੀ 90 ਹਜ਼ਾਰ ਰੁਪਏ ਦੇ ਕਰੀਬ ਦੀ ਰਕਮ ਰੁਕ ਗਈ। ਇਸ ’ਤੇ ਅਬਦੁਲ ਦੇ ਭਰਾ ਬਲੀ ਉਰਫ਼ ਬਬਲੂ ਨੇ ਆਪਣੇ ਦੋ ਸਾਥੀਆਂ ਸਮੇਤ ਇਮਤਿਆਜ਼ ਦੇ ਘਰ ਬਾਹਰ ਆ ਕੇ ਗਾਲੀ ਗਲੋਚ ਕੀਤੀ ਅਤੇ ਡੱਬ ਵਿੱਚੋਂ ਪਿਸਤੌਲ ਕੱਢ ਕੇ ਕਾਰੀਗਰ ਦੀ ਐਕਟਿਵਾ ਸਕੂਟਰ ਖੋਹ ਲਈ ਜਿਸ ਨੂੰ ਉਸ ਦਾ ਨਾਮਲੂਮ ਸਾਥੀ ਲੈ ਕੇ ਫ਼ਰਾਰ ਹੋ ਗਿਆ। ਇਸ ਦੌਰਾਨ ਉਸ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਪਿਸਤੌਲ ਕੱਢ ਕੇ ਹਵਾਈ ਫਾਇਰਿੰਗ ਕਰ ਦਿੱਤੀ। ਰੌਲਾ ਪਾਉਣ ’ਤੇ ਉਹ ਫ਼ਰਾਰ ਹੋ ਗਏ। ਥਾਣੇਦਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।