ਖੇਤਰੀ ਪ੍ਰਤੀਨਿਧ
ਲੁਧਿਆਣਾ, 28 ਅਪਰੈਲ
ਕਦੇ ਬੁੱਢੇ ਦਰਿਆ ਵਜੋਂ ਜਾਣੇ ਜਾਂਦੇ ਬੁੱਢੇ ਨਾਲੇ ਵਿੱਚ ਪਿਛਲੇ ਕਈ ਸਾਲਾਂ ਤੋਂ ਉੱਗੀਆਂ ਝਾੜੀਆਂ ਅਤੇ ਬੂਟੀ ਦੀ ਅੱਜ ਸਫ਼ਾਈ ਕੀਤੀ ਗਈ। ਇਹ ਸਫ਼ਾਈ ਪਾਣੀ ਦੀ ਸੁਚਾਰੂ ਨਿਕਾਸੀ ਨੂੰ ਲੈ ਕੇ ਕੀਤੀ ਗਈ ਹੈ।
ਇਸ ਦੀ ਸਫ਼ਾਈ ਲਈ ਕਈ ਮੁਹਿੰਮਾਂ ਚੱਲੀਆਂ ਪਰ ਬੁੱਢਾ ਨਾਲਾ ਦੁਬਾਰਾ ਬੁੱਢਾ ਦਰਿਆ ਨਹੀਂ ਬਣ ਸਕਿਆ। ਹੁਣ ਕਈ ਥਾਵਾਂ ’ਤੇ ਤਾਂ ਇਹ ਨਾਲ ਕੂੜੇ ਨਾਲ ਭਰਿਆ ਪਿਆ ਹੈ ਅਤੇ ਕਈ ਥਾਵਾਂ ’ਤੇ ਪਿਛਲੇ ਕਈ ਸਾਲਾਂ ਤੋਂ ਝਾੜੀਆਂ ਅਤੇ ਕਾਈ ਉੱਗੀ ਹੋਈ ਹੈ। ਤਾਜਪੁਰ ਰੋਡ ਨੇੜੇ ਵੀ ਅਜਿਹੀ ਕਾਈ ਅਤੇ ਝਾੜੀਆਂ ਦੇਖੀਆਂ ਜਾ ਸਕਦੀਆਂ ਹਨ। ਅੱਜ ਇਨਾਂ ਝਾੜੀਆਂ ਨੂੰ ਸਾਫ ਕਰਨ ਲਈ ਜੇਸੀਬੀ ਮਸ਼ੀਨ ਦੀ ਸਹਾਇਤਾ ਲਈ ਗਈ। ਬੁੱਢੇ ਨਾਲੇ ਦੇ ਇੱਕ ਕਿਨਾਰੇ ’ਤੇ ਕੋਈ ਰਾਹ ਨਾ ਹੋਣ ਕਰਕੇ ਮਸ਼ੀਨ ਨੂੰ ਅੱਗੇ ਜਾਣ ਤੱਕ ਕਾਫੀ ਮੁਸ਼ਕਲ ਪੇਸ਼ ਆ ਰਹੀ ਹੈ। ਮਲਵੇ ਅਤੇ ਪੱਥਰਾਂ ਆਦਿ ਨਾਲ ਆਰਜੀ ਰਾਹ ਬਣਾ ਕਿ ਕੁੱਝ ਦੂਰੀ ਤੱਕ ਝਾੜੀਆਂ ਅਤੇ ਕਾਈ ਦੀ ਸਫ਼ਾਈ ਕਰ ਦਿੱਤੀ ਗਈ ਹੈ। ਬੁੱਢੇ ਨਾਲੇ ਵਿੱਚ ਪਿੱਛੋਂ ਪਾਣੀ ਦਾ ਪੱਧਰ ਵਧਣ ਕਰਕੇ ਇਹ ਬੂਟੀ ਅਤੇ ਝਾੜੀਆਂ ਪਾਣੀ ਦੀ ਨਿਕਾਸੀ ਵਿੱਚ ਰੁਕਾਵਟ ਬਣ ਰਹੀਆਂ ਸਨ। ਸਥਾਨਕ ਲੋਕਾਂ ਦੀ ਮੰਗ ਹੈ ਕਿ ਬੁੱਢੇ ਨਾਲੇ ਦੀ ਸਫ਼ਾਈ ਹੁੰਦੀ ਰਹਿਣੀ ਚਾਹੀਦੀ ਹੈ ਤਾਂ ਜੋ ਬਰਸਾਤਾਂ ਦੇ ਮੌਸਮ ਵਿੱਚ ਪਾਣੀ ਆਲੇ-ਦੁਆਲੇ ਮਾਰ ਨਾ ਕਰ ਸਕੇ।