ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਸਤੰਬਰ
ਕਰੋਨਾ ਕਾਲ ਦੌਰਾਨ ਪੁਲੀਸ ਨਾਲ ਵਾਲੰਟੀਅਰ ਦਾ ਕੰਮ ਕਰ ਚੁੱਕੇ ਗਾਂਧੀ ਨਗਰ ਵਾਸੀ ਦੀਪਕ ਕੁਮਾਰ (25) ਨੇ ਆਪਣੀ ਪ੍ਰੇਮਿਕਾ ਨਾਲ ਝਗੜਾ ਕਰਨ ਮਗਰੋਂ ਜ਼ਹਿਰ ਖਾ ਲਿਆ, ਉਸਦੀ ਪ੍ਰੇਮਿਕਾ ਨੇ ਰੌਲਾ ਪਾਇਆ, ਜਿਸ ਤੋਂ ਬਾਅਦ ਇਕੱਠੇ ਹੋਏ ਲੋਕਾਂ ਨੇ ਦੀਪਕ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲੀਸ ਨੇ ਹੁਣ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਦੀਪਕ ਦੇ ਇੱਕ ਲੜਕੀ ਨਾਲ ਪ੍ਰੇਮ ਸਬੰਧ ਬਣ ਗਏ ਸਨ। ਦੋਵੇਂ ਪਿਆਰ ਵਿਆਹ ਕਰਵਾਉਣਾ ਚਾਹੁੰਦੇ ਸਨ। ਪਰਿਵਾਰ ਵਾਲੇ ਦੋਵਾਂ ਦੇ ਵਿਆਹ ਲਈ ਰਾਜੀ ਨਹੀਂ ਸੀ। ਮੰਗਲਵਾਰ ਦੁਪਹਿਰ ਨੂੰ ਦੋਵੇਂ ਟਾਈਗਰ ਸਫ਼ਾਈਰ ਮਿਲਣ ਲਈ ਗਏ, ਜਿੱਥੇ ਗੱਲਾਂ ਗੱਲਾਂ ਵਿੱਚ ਦੋਵਾਂ ਵਿੱਚ ਝਗੜਾ ਹੋ ਗਿਆ ਤੇ ਦੀਪਕ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ।