ਪੱਤਰ ਪ੍ਰੇਰਕ
ਮਾਛੀਵਾੜਾ, 17 ਨਵੰਬਰ
ਪੰਜਾਬ ਸਰਕਾਰ ਵਲੋਂ ਨਸ਼ਾ ਕਰਨ ਵਾਲੇ ਨਸ਼ੇੜੀਆਂ ਨੂੰ ਨਸ਼ਾ ਛੁਡਾਉਣ ਲਈ ਖੋਲ੍ਹੇ ਗਏ ਕੇਂਦਰਾਂ ’ਚ ਰੋਜ਼ਾਨਾ ਮੁਫ਼ਤ ਗੋਲੀ ਮੁਹੱਈਆ ਕਰਵਾਈ ਜਾਂਦੀ ਹੈ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਨਸ਼ੇੜੀ ਇਸ ਗੋਲੀ ਨੂੰ ਅੱਗੇ 50 ਰੁਪਏ ਦੀ ਵੇਚ ਕੇ ਮੈਡੀਕਲ ਸਟੋਰਾਂ ਤੋਂ ਨਸ਼ਾ ਖਰੀਦ ਕੇ ਮੁੜ ਕੁਰਾਹੇ ਪੈ ਰਹੇ ਹਨ। ਸਰਕਾਰ ਦੇ ਸਿਹਤ ਵਿਭਾਗ ਵਲੋਂ ਹਸਪਤਾਲਾਂ ’ਚ ਨਸ਼ੇੜੀਆਂ ਨੂੰ ਨਸ਼ਾ ਮੁਕਤ ਕਰਵਾਉਣ ਲਈ ਸੈਂਟਰ ਬਣਾਏ ਗਏ ਹਨ, ਜਿੱਥੇ ਉਨ੍ਹਾਂ ਨੂੰ ਰੋਜ਼ਾਨਾ 1-2 ਗੋਲੀਆਂ ਖਾਣ ਲਈ ਦਿੱਤੀਆਂ ਜਾਂਦੀਆਂ ਹਨ, ਜਿਸ ਦਾ ਨਸ਼ੇੜੀਆਂ ਵਲੋਂ ਦੁਰਉਪਯੋਗ ਕੀਤਾ ਜਾਣ ਲੱਗਾ ਹੈ। ਨਸ਼ੇੜੀਆਂ ਵਲੋਂ ਲੋਕਾਂ ਨੂੰ 50 ਰੁਪਏ ਵਿਚ ਗੋਲੀ ਵੇਚ ਦਿੱਤੀ ਜਾਂਦੀ ਹੈ ਅਤੇ 10 ਰੁਪਏ ਪਾ ਕੇ ਮੈਡੀਕਲ ਸਟੋਰਾਂ ਤੋਂ ਪ੍ਰੋਗਾਵਾਲੀਨ ਸਾਲਟ ਦੀਆਂ ਗੋਲੀਆਂ ਦਾ ਪੱਤਾ ਖਰੀਦ ਲਿਆ ਜਾਂਦਾ ਹੈ। ਇਸ ਨਾਲ ਉਨ੍ਹਾਂ ਦੇ ਨਸ਼ੇ ਦੀ ਪੂਰਤੀ ਹੋ ਜਾਂਦੀ ਹੈ। ਮਾਛੀਵਾੜਾ ਦੇ ਕੁਝ ਮੈਡੀਕਲ ਸਟੋਰਾਂ ’ਤੇ ਇਸ ਦੀ ਵਿਕਰੀ ਆਮ ਹੋ ਰਹੀ ਹੈ ਪਰ ਪ੍ਰਸਾਸ਼ਨ ਦੀ ਕਾਰਵਾਈ ਕੇਵਲ ਕਾਗਜ਼ਾਂ ਤੱਕ ਸੀਮਤ ਹੈ। ਹਸਪਤਾਲ ਦੇ ਡਾਕਟਰਾਂ ਅਨੁਸਾਰ ਉਨ੍ਹਾਂ ਕੋਲ ਕਰੀਬ 533 ਮਰੀਜ਼ਾਂ ਦਾ ਰਜਿਸਟ੍ਰੇਸ਼ਨ ਕੀਤਾ ਹੋਇਆ ਹੈ ਜੋ ਨਸ਼ਾ ਛੱਡਣਾ ਚਾਹੁੰਦੇ ਹਨ, ਜਿਨ੍ਹਾਂ ਨੂੰ ਇਹ ਗੋਲੀਆਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਕੋਸ਼ਿਸ਼ ਇਹੀ ਹੁੰਦੀ ਹੈ ਕਿ ਗੋਲੀ ਤੁਰੰਤ ਨਸ਼ਾ ਕਰਨ ਵਾਲਾ ਵਿਅਕਤੀ ਖਾ ਲਵੇ ਪਰ ਕੁਝ ਜਣੇ ਇਸ ਨੂੰ ਲੈ ਜਾਂਦੇ ਹਨ।
ਕੀ ਕਹਿਣਾ ਹੈ ਡਰੱਗ ਇੰਸਪੈਕਟਰ ਦਾ
ਇਸ ਸਬੰਧੀ ਡਰੱਗ ਇੰਸਪੈਕਟਰ ਸੰਦੀਪ ਕੌਸ਼ਿਕ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਉਨ੍ਹਾਂ ਵੱਲੋਂ ਮਾਛੀਵਾੜਾ ਦੇ ਮੈਡੀਕਲ ਸਟੋਰਾਂ ਦੀ ਜਾਂਚ ਕੀਤੀ ਗਈ ਹੈ ਅਤੇ ਇੱਕ ਸਟੋਰ ਤੋਂ ਇਹ ਪ੍ਰੋਗਾਵਾਲੀਨ ਦਵਾਈ ਫੜੀ ਵੀ ਗਈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਵੀ ਮਾਛੀਵਾੜਾ ਦੇ ਸਟੋਰਾਂ ਦੀ ਜਾਂਚ ਹੁੰਦੀ ਰਹੇਗੀ ਅਤੇ ਜੇਕਰ ਕੋਈ ਵੀ ਮੈਡੀਕਲ ਸਟੋਰ ਮਾਲਕ ਪਾਬੰਦੀਸ਼ੁਦਾ ਦਵਾਈਆਂ ਦੀ ਵਿਕਰੀ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।