ਰਾਮ ਗੋਪਾਲ ਰਾਏਕੋਟੀ
ਰਾਏਕੋਟ, 1 ਅਗਸਤ
ਇਥੋਂ ਗੁਰਦੀਪ ਕੌਰ ਢਿੱਲੋਂ ਯਾਦਗਾਰੀ ਨਾਟ ਘਰ ਵਿੱਚ ਸਿਰਜਣਾ ਆਰਟ ਗਰੁੱਪ ਰਾਏਕੋਟ ਵੱਲੋਂ ਗੁਰਦੀਪ ਕੌਰ ਢਿੱਲੋਂ ਦੀ 12ਵੀਂ ਬਰਸੀ ਮਨਾਈ ਗਈ, ਜੋ ਕਿਸਾਨੀ ਅੰਦੋਲਨ ਤੇ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਰਹੀ। ਸਮਾਰੋਹ ਦਾ ਆਗ਼ਾਜ਼ ਸੁਖਮਿੰਦਰ ਰਾਣਾ, ਮਹਿੰਦਰ ਸਿੰਘ, ਰਣਜੀਤ ਚੌਹਾਨ, ਬਲਵਿੰਦਰ ਸਿੰਘ ਦੁੱਬਈ, ਨਰਿੰਦਰ ਖੁੱਲਰ, ਕੁਲਵਿੰਦਰ ਸਿੰਘ, ਸੁਭਾਸ਼ ਜੋਸ਼ੀ ਤੇ ਬਲਜੀਤ ਸਿੰਘ ਬੁਰਜ ਹਰੀ ਸਿੰਘ ਵੱਲੋਂ ਸਾਂਝੇ ਤੌਰ ’ਤੇ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ ਗਿਆ। ਪ੍ਰੋ. ਸੁਰਿੰਦਰ ਗਿੱਲ ਨੇ ਮੁੱਖ ਮਹਿਮਾਨ ਦੀ ਭੂਮਿਕਾ ਨਿਭਾਉਦਿਆਂ ਸਿਰਜਣਾ ਆਰਟ ਗਰੁੱਪ ਰਾਏਕੋਟ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਇਸ ਕਾਰਜ ਨੂੰ ਮਹਾਨ ਆਖਿਆ। ਪ੍ਰੋ. ਜੈਪਾਲ ਨੇ ਨਾਟਕ ਦੇ ਨਿਰਦੇਸ਼ਨ ਤੇ ਸਮੁੱਚੀ ਪੇਸ਼ਕਾਰੀ ਨੂੰ ਲੂੰ-ਕੰਡੇ ਖੜ੍ਹੇ ਕਰਨ ਵਾਲੀ ਪੇਸ਼ਕਾਰੀ ਆਖਿਆ। ਭੋਲਾ ਸਿੰਘ ਦੀ ਕਹਾਣੀ ’ਤੇ ਆਧਾਰਿਤ ਪ੍ਰੋ. ਸਰਬਜੀਤ ਔਲਖ ਦਾ ਲਿਖਿਆ ਨਾਟਕ ‘ਰੇਤ ਦੀਆਂ ਕੰਧਾਂ’ ਦਾ ਸਫ਼ਲ ਮੰਚਨ, ਪ੍ਰੋ.ਕੰਵਲ ਢਿੱਲੋਂ ਤੇ ਡਾ. ਸੋਮਪਾਲ ਹੀਰਾ ਦੀ ਨਿਰਦੇਸ਼ਨਾ ਹੇਠ ਕੀਤਾ ਗਿਆ। ਨਾਟਕ ਵਿਚ ਜਤਿੰਦਰ ਜਿੰਮੀ ਤੇ ਕੁਲਦੀਪ ਕੁਮਾਰ ਸ਼ੰਮੀ ਦਾ ਸੰਗੀਤ, ਜਗਮੋਹਣ ਤੇ ਗੁਰਦੀਪ ਦੀ ਰੌਸ਼ਨੀ ਨੇ ਇਸ ਮੰਚਨ ਨੂੰ ਚਾਰ-ਚੰਨ ਲਾਏ। ਨਾਟਕ ਦਾ ਵਿਸ਼ਾ ਔਰਤ ਦੇ ਅਬਲਾ ਤੋਂ ਸਬਲਾ ਬਣਨ ਦੀ ਕਹਾਣੀ ਹੈ।
ਇਸ ਮੌਕੇ ਆਏ ਮਹਿਮਾਨਾਂ ਵੱਲੋਂ ਕਲਾਕਾਰਾਂ ਨੂੰ ਸਨਮਾਨ ਨਿਸ਼ਾਨੀਆਂ ਭੇਟ ਕੀਤੀਆਂ ਗਈਆਂ। ਰੰਗਮੰਚ ਦੇ ਖੇਤਰ ਵਿਚ ਪਾਏ ਯੋਗਦਾਨ ਬਦਲੇ ਰੇਸ਼ਮ ਚੌਹਾਨ ਨੂੰ 5ਵਾਂ ਸ਼੍ਰੀਮਤੀ ਗੁਰਦੀਪ ਕੌਰ ਢਿੱਲੋਂ ਪੁਰਸਕਾਰ ਪ੍ਰਦਾਨ ਕੀਤਾ ਗਿਆ। ਜਿਸ ਵਿਚ ਫੁਲਕਾਰੀ, ਸਨਮਾਨ ਪੱਤਰ, ਪੁਸਤਕ ਸੈੱਟ ਤੇ ਨਗ਼ਦ ਰਾਸ਼ੀ ਸ਼ਾਮਲ ਸੀ। ਸੁਖਮਿੰਦਰ ਰਾਣਾ ਵੱਲੋਂ ਨਵੀਂ ਪਿਰਤ ਪਾਉਦਿਆਂ ਬੇਟੀ ਦੇ ਵਿਆਹ ’ਤੇ ਨਾਟ-ਘਰ ਨੂੰ 5100 ਰੁਪਏ ਦਾ ਚੈੱਕ ਭੇਟ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਕੰਵਲ ਢਿੱਲੋਂ ਵੱਲੋਂ ਨਿਭਾਈ ਗਈ। ਇਸ ਸਮਾਰੋਹ ਵਿਚ ਨਗਰ ਕੌਂਸਲ ਪ੍ਰਧਾਨ ਸ਼ੁਦਰਸ਼ਨ ਕੁਮਾਰ ਜੋਸ਼ੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।