ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 16 ਜਨਵਰੀ
ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਸੋਮਿਆ ਮਿਸ਼ਰਾ ਡਿਪਟੀ ਕਮਿਸ਼ਨਰ ਪੁਲੀਸ ਟਰੈਫ਼ਿਕ ਕਮ ਸੀਏਡਬਲਯੂ ਐਂਡ ਸੀਸੈੱਲ ਅਤੇ ਸੰਦੀਪ ਸ਼ਰਮਾ ਵਧੀਕ ਡਿਪਟੀ ਕਮਿਸ਼ਨਰ ਪੁਲੀਸ ਟਰੈਫ਼ਿਕ ਦੀਆ ਹਦਾਇਤਾਂ ਅਨੁਸਾਰ ਕਰਨੈਲ ਸਿੰਘ ਸਹਾਇਕ ਕਮਿਸ਼ਨਰ ਪੁਲਿਸ ਟਰੈਫ਼ਿਕ ਵੱਲੋਂ ਪਟਾਕੇ ਛੱਡਣ ਵਾਲੇ ਬੁਲੈਟ ਮੋਟਰਸਾਈਕਲ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਚਲਾਨ ਕੱਟੇ ਜਾ ਰਹੇ ਹਨ। ਇਸ ਮੌਕੇ ਏਸੀਪੀ ਕਰਨੈਲ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਇਹ ਕਾਰਵਾਈ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਬੁਲੈਟ ਮੋਟਰਸਾਈਕਲ ਮਾਲਕਾਂ ਨੂੰ ਕਿਹਾ ਹੈ ਕਿ ਜੇਕਰ ਉਨ੍ਹਾਂ ਨੇ ਆਪਣੇ ਮੋਟਰਸਾਈਕਲ ਸਾਈਲੈਂਸਰ ਮੋਡੀਫਾਈ ਕਰ ਕੇ ਪਟਾਕੇ ਛੱਡਣ ਵਾਲੇ ਸਾਈਲੈਂਸਰ ਲਗਾਏ ਗਏ ਹਨ ਤਾਂ ਉਹ ਮੁੜ ਪਹਿਲਾਂ ਵਾਲੇ ਕੰਪਨੀ ਫਿਟਡ ਸਾਈਲੈਂਸਰ ਲਗਾ ਦੇਣ। ਅੱਜ ਕੁੱਲ 28 ਪਟਾਕੇ ਛੱਡਣ ਵਾਲੇ ਬੁਲੇਟ ਮੋਟਰਸਾਈਕਲ ਦੇ ਚਲਾਨ ਕੱਟੇ ਗਏ ਹਨ। ਇਸ ਦੌਰਾਨ ਉਨ੍ਹਾਂ ਅੱਜ ਗਿੱਲ ਚੌਕ ਸਥਿਤ ਬਾਜ਼ੀਗਰ ਆਟੋ ਸਟੈਂਡ ਯੂਨੀਅਨ ਦੇ ਆਟੋ ਚਾਲਕਾਂ ਨੂੰ ਜਾਗਰੂਕ ਆਵਾਜਾਈ ਨਿਯਮਾਂ ਬਾਰੇ ਜਾਗਰੂਕ ਕੀਤਾ। ਏਸੀਪੀ ਕਰਨੈਲ ਸਿੰਘ ਨੇ ਦੱਸਿਆ ਕਿ ਧੁੰਦ ਦੇ ਮੌਸਮ ਵਿੱਚ ਜ਼ਿਆਦਾਤਰ ਵਾਹਨ ਹਾਦਸੇ ਦਾ ਸ਼ਿਕਾਰ ਹੁੰਦੇ ਹਨ ਕਿਉਂਕਿ ਧੁੰਦ ਵਿੱਚ ਪਿੱਛੇ ਜਾਂ ਅੱਗੇ ਤੋਂ ਆ ਰਹੇ ਕਿਸੇ ਵੀ ਵਾਹਨ ਦਾ ਅੰਦਾਜ਼ਾ ਲੱਗਾਉਣਾ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਸਾਨੂੰ ਆਪਣੇ ਵਾਹਨਾਂ ਤੇ ਰਿਫ਼ਲੈਕਟਰ ਤੇ ਡਿਪਰ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਉਨ੍ਹਾਂ ਆਟੋ ਚਾਲਕਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਸਹੁੰ ਵੀ ਚੁੱਕਵਾਈ ਅਤੇ ਆਟੋ ਚਾਲਕਾਂ ਵਲੋਂ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਵਾਅਦਾ ਵੀ ਕੀਤਾ ਗਿਆ।