ਨਿੱਜੀ ਪੱਤਰ ਪ੍ਰੇਰਕ
ਖੰਨਾ, 13 ਅਕਤੂਬਰ
ਸਿਵਲ ਹਸਪਤਾਲ ਵਿਚ ਡਾਕਟਰਾਂ ਦੀ ਰਿਹਾਇਸ਼ ਲਈ ਬਣੇ ਛੇ ਕੁਆਰਟਰਾਂ ’ਚੋਂ ਪੰਜ ਪਿਛਲੇ ਲੰਮੇ ਸਮੇਂ ਤੋਂ ਖਾਲੀ ਪਏ ਹਨ। ਮੌਜੂਦਾ ਸਮੇਂ ਸਿਰਫ਼ ਇਕ ਡਾਕਟਰ ਸਰਕਾਰੀ ਰਿਹਾਇਸ਼ ਵਿਚ ਰਹਿ ਰਿਹਾ ਹੈ ਅਤੇ ਬਾਕੀ ਕੁਆਰਟਰ ਖਾਲੀ ਪਏ ਹਨ, ਡਾਕਟਰਾਂ ਨੂੰ ਲੱਖਾਂ ਰੁਪਏ ਮਹੀਨਾ ਮਕਾਨ ਕਿਰਾਇਆ ਭੱਤਾ (ਐੱਚ.ਆਰ.ਏ) ਦਿੱਤਾ ਜਾ ਰਿਹਾ ਹੈ, ਜੋ ਗੈਰਕਾਨੂੰਨੀ ਤੇ ਸਰਕਾਰੀ ਖਜ਼ਾਨੇ ਦੀ ਵੱਡੀ ਲੁੱਟ ਹੈ। ਇਹ ਗੱਲ ਅੱਜ ਇਥੇ ਲੋਕ ਸੇਵਾ ਕਲੱਬ ਦੇ ਪ੍ਰਧਾਨ ਪੀ.ਡੀ. ਬਾਂਸਲ ਨੇ ਕਹੀ। ਉਨ੍ਹਾਂ ਕਿਹਾ ਕਿ ਹਸਪਤਾਲ ਦੇ ਲੋਕ ਸੂਚਨਾ ਅਧਿਕਾਰੀ ਤੋਂ ਪ੍ਰਾਪਤ ਸੂਚਨਾ ਅਨੁਸਾਰ ਸਰਕਾਰੀ ਰਿਹਾਇਸ਼ ਮੌਜੂਦ ਹੋਣ ਦੇ ਬਾਵਜੂਦ ਡਾਕਟਰਾਂ ਨੂੰ ਪਿਛਲੇ 20 ਸਾਲ ਤੋਂ ਲੱਖਾਂ ਰੁਪਏ ਦੀ ਅਦਾਇਗੀ ਕੀਤੀ ਜਾ ਰਹੀ ਹੈ। ਡਾਕਟਰਾਂ ਨੂੰ ਖਾਲੀ ਕੁਆਰਟਰ ਅਲਾਟ ਕਰਨਾ ਹਸਪਤਾਲ ਦੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੁੰਦੀ ਹੈ। ਜੇਕਰ ਕੋਈ ਰਿਹਾਇਸ਼ ਲੈਣ ਤੋਂ ਨਾਂਹ ਕਰਦਾ ਹੈ ਤਾਂ ਉਸ ਨੂੰ ਭੱਤਾ ਵੀ ਨਹੀਂ ਦਿੱਤਾ ਜਾ ਸਕਦਾ। ਉਨ੍ਹਾਂ ਕਿਹਾ ਕਿ 24 ਘੰਟੇ ਐਮਰਜੈਂਸੀ ਮੈਡੀਕਲ ਸੇਵਾਵਾਂ ਦੇਣ ਦੇ ਏਵਜ਼ ਵਿਚ ਡਾਕਟਰਾਂ ਨੂੰ ਸਰਕਾਰ ਵੱਲੋਂ ਕਿਰਾਇਆ ਮੁਕਤ ਰਿਹਾਇਸ਼ ਦੀ ਸੁਵਿਧਾ ਦਿੱਤੀ ਜਾਂਦੀ ਹੈ, ਜੇਕਰ ਰਿਹਾਇਸ਼ ਨਾ ਉਪਲੱਬਧ ਹੋਵੇ ਤਾਂ ਡਾਕਟਰ ਨੂੰ ਮੁੱਢਲੀ ਤਨਖਾਹ ਦੇ ਹਿਸਾਬ ਨਾਲ ਭੱਤਾ ਦਿੱਤਾ ਜਾਂਦਾ ਹੈ। ਬਾਂਸਲ ਨੇ ਕਿਹਾ ਕਿ ਜੇਕਰ ਡਾਕਟਰਾਂ ਲਈ ਬਣੇ ਕੁਆਰਟਰ ਸੁਰੱਖਿਅਤ ਨਹੀਂ ਹਨ ਤਾਂ ਇਸ ਸਬੰਧੀ ਰਿਕਾਰਡ ਵਿਚ ਕੋਈ ਅਜਿਹਾ ਸਰਟੀਫ਼ਿਕੇਟ ਮੌਜੂਦ ਨਹੀਂ ਹੈ, ਜਿਸ ਵਿਚ ਪੀ.ਡਬਲਯੂ.ਡੀ ਜਾਂ ਪੰਜਾਬ ਹੈਲਥ ਸਿਸਟਮਜ਼ ਕਾਪੋਰੇਸ਼ਨ ਨੇ ਇਨ੍ਹਾਂ ਨੂੰ ਅਸੁਰੱਖਿਅਤ ਐਲਾਨਿਆ ਹੋਵੇ। ਉਨ੍ਹਾਂ ਕਿਹਾ ਕਿ ਸਾਰੇ ਮਾਮਲੇ ਨੂੰ ਵਿਜੀਲੈਂਸ ਬਿਊਰੋ ਪੰਜਾਬ ਦੇ ਧਿਆਨ ਵਿਚ ਲਿਆ ਕੇ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ।
ਵਿਭਾਗੀ ਜਾਂਚ ਚੱਲ ਰਹੀ ਹੈ: ਐੱਸਐੱਮਓ
ਇਸ ਸਬੰਧੀ ਹਸਪਤਾਲ ਦੇ ਐੱਸਐੱਮਓ ਡਾ. ਸਤਪਾਲ ਨੇ ਕਿਹਾ ਕਿ ਇਹ ਕੁਆਰਟਰ ਕੰਡਮ ਐਲਾਨੇ ਗਏ ਹਨ। ਇਸ ਦੇ ਨਾਲ ਹੀ ਲੋਕ ਸੇਵਾ ਕਲੱਬ ਵੱਲੋਂ ਕੀਤੀ ਸ਼ਿਕਾਇਤ ਦੀ ਵਿਭਾਗੀ ਜਾਂਚ ਚੱਲ ਰਹੀ ਹੈ।