ਜੋਗਿੰਦਰ ਸਿੰਘ ਓਬਰਾਏ
ਖੰਨਾ, 19 ਨਵੰਬਰ
ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਵਿਕਾਸ ਮਹਿਤਾ ਵੱਲੋਂ ਆਪਣੇ ਕਾਰਜਕਾਲ ਦੌਰਾਨ ਠੀਕ ਹਾਲਤ ਵਿਚ ਗਲੀਆਂ ਨੂੰ ਤੋੜ ਕੇ ਨਵਾਂ ਬਣਾਇਆ ਗਿਆ ਅਤੇ ਅਜਿਹੇ ਬਹੁਤ ਸਾਰੇ ਇਲਾਕੇ ਛੱਡੇ ਗਏ ਜਿੱਥੇ ਗਲੀਆਂ ਨੂੰ ਪੱਕਾ ਕਰਨ ਦੀ ਪਹਿਲ ਦੇ ਆਧਾਰ ’ਤੇ ਲੋੜ ਸੀ। ਅਜਿਹਾ ਮਾਮਲਾ ਇਥੋਂ ਦੇ ਐਸ.ਡੀ.ਐਮ ਦਫ਼ਤਰ ਦੇ ਸਾਹਮਣੇ ਮੁੱਖ ਸੜਕ ਦਾ ਹੈ। ਮਜ਼ਬੂਤ ਹਾਲਤ ’ਚ ਇਸ ਸੜਕ ’ਤੇ ਲੱਗੀਆਂ ਟਾਈਲਾਂ ਨੂੰ ਉਖਾੜ ਕੇ ਨਵੀਆਂ ਲਾਉਣ ਦੀ ਤਿਆਰੀ ਕੀਤੀ ਗਈ ਹੈ ਜਿਸ ’ਤੇ ਕਰੀਬ 18 ਲੱਖ ਰੁਪਏ ਖ਼ਰਚੇ ਜਾ ਰਹੇ ਹਨ। ਇਹ ਸੜਕ ਕਰੀਬ ਇਕ ਸਾਲ ਪਹਿਲਾਂ ਸ੍ਰੀ ਮਹਿਤਾ ਦੇ ਕਾਰਜਕਾਲ ਦੌਰਾਨ ਪਾਸ ਕੀਤੀ ਗਈ ਸੀ। ਲੋਕ ਸੇਵਾ ਕਲੱਬ ਦੇ ਪ੍ਰਧਾਨ ਪੀ.ਡੀ.ਬਾਂਸਲ ਨੇ ਕਿਹਾ ਕਿ ਇੰਟਰਲਾਕਿੰਗ ਟਾਈਲਾਂ ਲਗਾਉਣ ਦੇ ਮਾਮਲੇ ’ਚ ਵੱਡੀ ਗੜਬੜੀ ਹੁੰਦੀ ਹੈ, ਜਿਸ ਦਾ ਸੱਚ ਜਲਦੀ ਸਾਹਮਣੇ ਲਿਆਂਦਾ ਜਾਵੇਗਾ। ਐਸ.ਡੀ.ਐਮ ਹਰਬੰਸ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ, ਜਿਸ ਦੀ ਉਹ ਜਾਂਚ ਕਰਵਾਉਣਗੇ।
ਸੀਵਰੇਜ ਸਮੱਸਿਆ ਸਬੰਧੀ ਵਫਦ ਤਹਿਸੀਲਦਾਰ ਨੂੰ ਮਿਲਿਆ
ਇਥੋਂ ਦੇ ਵਾਰਡ ਨੰਬਰ-14 ਵਿਚ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਸਬੰਧੀ ਵਫ਼ਦ ਨੇ ਸਾਬਕਾ ਕੌਂਸਲਰ ਸੁਧੀਰ ਬੱਤਾ ਦੀ ਅਗਵਾਈ ਹੇਠ ਐਸ.ਡੀ.ਐਮ ਦੇ ਨਾਂ ਤਹਿਸੀਲਦਾਰ ਹਰਮਿੰਦਰ ਸਿੰਘ ਹੁੰਦਲ ਨੂੰ ਮੰਗ ਪੱਤਰ ਸੌਂਪਿਆ। ਸ੍ਰੀ ਬੱਤਾ ਨੇ ਕਿਹਾ ਕਿ ਇਸ ਇਲਾਕੇ ਵਿਚ ਜ਼ਿਆਦਾਤਰ ਥਾਵਾਂ ’ਤੇ ਸੀਵਰੇਜ ਨਹੀਂ ਹੈ ਅਤੇ ਜਿੰਨੇ ਵੀ ਇਲਾਕੇ ਵਿਚ ਸੀਵਰੇਜ ਹੈ, ਉਥੇ ਲਾਈਨਾਂ ਬੰਦ ਪਈਆਂ ਹਨ ਜਿਸ ਕਾਰਨ ਸੀਵਰੇਜ ਦਾ ਸਾਰਾ ਗੰਦਾ ਪਾਣੀ ਪਲਾਟਾਂ ਵਿਚ ਜਾ ਰਿਹਾ ਹੈ। ਸ਼ਹਿਰ ਵਿਚ ਸੀਵਰੇਜ ਲਾਈਨ ਪਾਉਣ ਦਾ 80 ਪ੍ਰਤੀਸ਼ਤ ਕੰਮ ਮੁਕੰਮਲ ਹੋ ਚੁੱਕਾ ਹੈ ਪਰ ਇਸ ਵਾਰਡ ਵਿਚ ਹੁਣ ਤੱਕ ਅਜਿਹਾ ਕੁਝ ਨਹੀਂ ਹੋਇਆ। ਕਈ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ। ਐਸ.ਡੀ.ਐਮ ਹਰਬੰਸ ਸਿੰਘ ਨੇ ਮੀਟਿੰਗ ਬੁਲਾ ਕੇ ਸੀਵਰੇਜ ਬੋਰਡ ਨੂੰ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਦੀ ਹਦਾਇਤ ਕੀਤੀ।