ਨਿੱਜੀ ਪੱਤਰ ਪ੍ਰੇਰਕ
ਖੰਨਾ, 17 ਸਤੰਬਰ
ਆਮ ਆਦਮੀ ਪਾਰਟੀ ਵੱਲੋਂ ਤਰੁਨਪ੍ਰੀਤ ਸਿੰਘ ਸੌਂਦ ਨੂੰ ਹਲਕਾ ਇੰਚਾਰਜ ਲਾਇਆ ਗਿਆ, ਜਿਸ ਦੇ ਰੋਸ ਵਜੋਂ ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਅਨਿਲ ਦੱਤ ਫੱਲੀ ਨੇ ਕੇਜਰੀਵਾਲ ’ਤੇ ਗੰਭੀਰ ਦੋਸ਼ ਲਾਉਂਦਿਆਂ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦੱਸਣਯੋਗ ਹੈ ਕਿ ਫੱਲੀ 2017 ਵਿਧਾਨ ਸਭਾ ਚੋਣਾਂ ’ਚ ‘ਆਪ’ ਦੀ ਟਿਕਟ ਤੋਂ ਚੋਣ ਲੜ ਚੁੱਕੇ ਹਨ ਤੇ 35 ਹਜ਼ਾਰ ਵੋਟਾਂ ਲੈ ਕੇ ਦੂਜੇ ਸਥਾਨ ’ਤੇ ਰਹੇ ਸਨ। ਉਹ ਲਗਾਤਾਰ ਕਈ ਸਾਲਾਂ ਤੋਂ ਕੌਂਸਲਰ ਦੀ ਚੋਣ ਵੀ ਜਿੱਤਦੇ ਆ ਰਹੇ ਹਨ। ਫੱਲੀ ਨੇ ਆਪਣਾ ਸਿਆਸੀ ਸਫ਼ਰ ਭਾਜਪਾ ਤੋਂ ਸ਼ੁਰੂ ਕੀਤਾ ਅਤੇ 2015 ਵਿਚ ਭਾਜਪਾ ਵੱਲੋਂ ਕੌਂਸਲਰ ਚੋਣ ਲਈ ਟਿਕਟ ਨਾ ਮਿਲਣ ’ਤੇ ਆਜ਼ਾਦ ਲੜੇ। ਸੌਂਦ ਨੂੰ ਇੰਚਾਰਜ ਲਾਉਣ ਤੋਂ ਨਰਾਜ਼ ਫੱਲੀ ਨੇ ਪਾਰਟੀ ’ਤੇ ਹਮਲਾ ਕਰਦਿਆਂ ਕਿਹਾ ਕਿ ‘ਆਪ’ ਹਿੰਦੂ ਵਿਰੋਧੀ ਹੈ। ਇਸ ਮੌਕੇ ਨਵ ਨਿਯੁਕਤ ਹਲਕਾ ਇੰਚਾਰਜ ਤਰੁਨਪ੍ਰੀਤ ਸਿੰਘ ਸੌਂਦ ‘ਆਪ’ ਆਗੂਆਂ ਸਮੇਤ ਫੱਲੀ ਨੂੰ ਪਾਰਟੀ ਵਿਚ ਰਹਿਣ ਦੀ ਅਪੀਲ ਕਰਨ ਲਈ ਉਨ੍ਹਾਂ ਦੇ ਘਰ ਪੁੱਜੇ ਪਰ ਉਹ ਨਹੀਂ ਮੰਨੇ। ਸੌਂਦ ਨੇ ਕਿਹਾ ਕਿ ਉਹ ਫੱਲੀ ਨੂੰ ਆਪਣੇ ਫ਼ੈਸਲੇ ’ਤੇ ਮੁੜ ਗੌਰ ਕਰਨ ਦੀ ਅਪੀਲ ਕਰਨ ਆਏ ਸਨ।