ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਨਗਰ ਨਿਗਮ ਦਫ਼ਤਰ ਅੱਗੇ ਮੰਗਾਂ ਸਬੰਧੀ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਸੀਵਰਮੈਨ, ਸਫ਼ਾਈ ਕਰਮਚਾਰੀ ਸੰਘਰਸ਼ ਕਮੇਟੀ ਨੇ ਅੱਜ ਵੀ ਭੁੱਖ ਹੜਤਾਲ ਜਾਰੀ ਰੱਖੀ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਤੇ ਕੌਂਸਲਰ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਪੁੱਜੇ। ਵਿਧਾਇਕਾਂ ਨੇ ਕਿਹਾ ਕਿ ਹਰੇਕ ਕੱਚੇ ਮੁਲਾਜ਼ਮ ਦਾ ਨਗਰ ਨਿਗਮ ਵਿੱਚ ਪੱਕੇ ਹੋਣਾ ਹੱਕ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦਾ ਸੰਘਰਸ਼ ਬਿਲਕੁਲ ਜਾਇਜ਼ ਹੈ ਅਤੇ ਸ਼ਹਿਰ ਦੇ ਛੇ ਵਿਧਾਇਕ ਸਾਂਝੇ ਤੌਰ ’ਤੇ ਜਲਦੀ ਹੀ ਸੂਬੇ ਦੇ ਮੁੱਖ ਮੰਤਰੀ ਅਤੇ ਸਥਾਨਕ ਸਰਕਾਰਾਂ ਦੇ ਮੰਤਰੀ ਨੂੰ ਮਿਲ ਕੇ ਇਸ ਮਾਮਲੇ ਦਾ ਨਬਿੇੜਾ ਕਰਵਾਉਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜਿਹੜੀ ਚਿੱਠੀ ਨਿਗਮ ਕਮਿਸ਼ਨਰ ਵੱਲੋਂ ਪ੍ਰਿੰਸੀਪਲ ਸਕੱਤਰ ਨੂੰ ਭੇਜੀ ਗਈ ਹੈ ਉਸ ਵਿੱਚੋਂ ਕੰਟਰੈਕਟ ਸ਼ਬਦ ਕਟਾ ਕੇ ਉਸ ਵਿੱਚ ਡੀਸੀ ਰੇਟ ਲਿਖਵਾਇਆ ਜਾਏਗਾ, ਸੈਕਸ਼ਨ 70 ਫ਼ੀਸਦੀ ਵਾਲੀ ਚਿੱਠੀ ਜਲਦੀ ਜਾਰੀ ਕਰਵਾਗੇ ਤਾਂ ਜੋ ਮੁਲਾਜ਼ਮਾਂ ਨੂੰ ਜਲਦੀ ਨਿਯੁਕਤੀ ਪੱਤਰ ਮਿਲ ਸਕਣ। ਇਸ ਦੌਰਾਨ ਸੰਘਰਸ਼ ਕਮੇਟੀ ਨੇ ਸਰਬਸੰਮਤੀ ਨਾਲ ਐਲਾਨ ਕੀਤਾ ਕਿ ਸੋਮਵਾਰ 11 ਜੁਲਾਈ ਨੂੰ ਬੀਬੀਆਂ ਦੇ ਜਥੇ ਵੱਲੋਂ ਰਾਜ ਰਾਣੀ ਗੋਮਤੀ, ਸ਼ੁਕਤਲਾ ਗਿੱਲ, ਕਮਲੇਸ਼ ਗਿੱਲ, ਕਿਰਨਾ ਸੋਨੀ, ਅਨੂ ਬਾਲਾ, ਕਿਰਨ ਇੱਕ ਦਿਨਾਂ ਭੁੱਖ ਹੜਤਾਲ ਕੀਤੀ ਜਾਵੇਗੀ। ਸੰਘਰਸ਼ ਕਮੇਟੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ ਤੇ ਜੇ ਹੜਤਾਲ ਤੇ ਜਾਣ ਦੀ ਲੋੜ ਵੀ ਪਈ ਤਾਂ ਉਹ ਮੁਲਾਜ਼ਮਾਂ ਨੂੰ ਪੱਕਾ ਕਰਾਉਣ ਲਈ ਇਸ ਤੋਂ ਵੀ ਪਿੱਛੇ ਨਹੀਂ ਹੱਟਣਗੇ ਭੁੱਖ ਹੜਤਾਲ ਦੀ ਸਮਾਪਤੀ ਸਮੇਂ ਸਮੂਹ ਆਦਿ ਧਰਮ ਪ੍ਰੇਮੀਆਂ ਵਲੋਂ ਪਾਵਨ ਮੁਕਤੀ ਮਾਲਾ ਦਾ ਪਾਠ ਵੀ ਕੀਤਾ ਗਿਆ।